ਅੰਮ੍ਰਿਤਸਰ, 30 ਜਨਵਰੀ (ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਧਿਆਤਮਿਕ ਯਾਤਰਾ ਨੂੰ ਦਰਸਾਉਂਦੀ ਡਾਕੂਮੈਂਟਰੀ, ਤਸਵੀਰਾਂ, ਪੋਰਟਰੇਟ ਅਤੇ ਦਰਸ਼ਨੀ ਚਿੱਤਰਾਂ ਤੇ ਗੁਰਬਾਣੀ ਸਬੰਧੀ ਇਕ ਕੈਲੰਡਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਰਿਲੀਜ਼ ਕੀਤੇ ਗਏ।ਇਹ ਡਾਕੂਮੈਂਟਰੀ ਅਤੇ ਕੈਲੰਡਰ ਹਾਈ ਕੋਰਟ ਦੇ ਐਡਵੋਕੇਟ ਜਨਰਲ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੇ ਗਏ ਹਨ ।
ਕੈਲੰਡਰ ਅਤੇ ਦਸਤਾਵੇਜ਼ੀ ਫਿਲਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਇਨ੍ਹਾਂ ਦਾ ਜਿਥੇ ਵਿਦਿਆਰਥੀ ਲਾਭ ਲੈਣਗੇ ਉਥੇ ਗੁਰੂ ਜੀਵਨ ਨੂੰ ਜਾਣਨ ਵਾਲੇ ਜਗਿਆਸੂਆਂ ਲਈ ਵੀ ਇਹ ਪ੍ਰੇਰਨਾ ਸਰੋਤ ਬਣੇਗਾ।ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਵੀ ਇੰਝ ਹੀ ਜਾਰੀ ਰੱਖੇਗੀ।
ਇਸ ਮੌਕੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਇਹ ਪਵਿੱਤਰ ਕਾਰਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਮਾਰਗ `ਤੇ ਚੱਲਣ ਅਤੇ ਸਮਾਜ ਅੰਦਰ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਆਰੰਭੇ ਗਏ ਹਨ। ਉਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਮਿਸ਼ਨ ਨੂੰ ਅੱਗੇੇ ਵਧਾਉਣ ਲਈ ਦਿੱਤੇ ਗਏ ਸਹਿਯੋਗ ਸਦਕਾ ਉਹ ਹੋਰ ਵੀ ਉਤਸ਼ਾਹਤ ਹੋਏ ਹਨ ਅਤੇ ਆਪਣੇ ਇਸ ਕੰਮ ਨੂੰ ਭਵਿੱਖ ਵਿਚ ਵੀ ਜਾਰੀ ਰੱਖਣਗੇ।
ਕੈਲੰਡਰ ਅਤੇ ਦਸਤਾਵੇਜੀ ਫਿਲਮ ਵਿਚ ਗੁਰੂ ਕਾ ਮਹਿਲ (ਅੰਮ੍ਰਿਤਸਰ), ਵਿਆਹ ਅਸਥਾਨ ਕਰਤਾਰਪੁਰ, (ਜਲੰਧਰ), ਭੋਰਾ ਸਾਹਿਬ (ਬਾਬਾ ਬਕਾਲਾ), ਥੜ੍ਹਾ ਸਾਹਿਬ (ਅੰਮ੍ਰਿਤਸਰ), ਗੁਰੂ ਕਾ ਮਹਿਲ (ਭੋਰਾ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ), ਥੜ੍ਹਾ ਸਾਹਿਬ (ਸ਼੍ਰੀ ਆਨੰਦਪੁਰ ਸਾਹਿਬ), ਸ਼ੀਸ ਗੰਜ ਸਾਹਿਬ (ਚਾਂਦਨੀ ਚੌਕ, ਦਿੱਲੀ), ਗੁਰਦੁਆਰਾ ਰਕਾਬ ਗੰਜ ਸਾਹਿਬ (ਦਿੱਲੀ), ਬੀਬਾਨਗੜ੍ਹ ਸਾਹਿਬ (ਰੋਪੜ), ਸੀਸ ਗੰਜ ਸਾਹਿਬ (ਸ਼੍ਰੀ ਆਨੰਦਪੁਰ ਸਾਹਿਬ), ਗੁਰਦੁਆਰਾ ਅਕਾਲ ਬੰੁਗਾ ਸਾਹਿਬ (ਸ਼੍ਰੀ ਆਨੰਦਪੁਰ ਸਾਹਿਬ) ਆਦਿ ਪੱਵਿਤਰ ਅਸਥਾਨਾਂ ਦੀ ਯਾਤਰਾ ਸ਼ਾਮਿਲ ਕੀਤੀ ਗਈ ਹੈ ।ਜੋ ਕਿ ਗੁਰੂ ਜੀ ਦੇ ਜਨਮ ਅਸਥਾਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫਰ ਹੈ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …