Monday, December 23, 2024

ਐਸ.ਸੀ ਕਮਿਸ਼ਨ ਵੱਲੋਂ ਪਿੰਡ ਉਲੱਦਣੀ ਦਾ ਵਿਵਾਦਿਤ ਮਾਮਲਾ ਨਿਬੇੜਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

ਕਮੇਟੀ ਨੂੰ 15 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਆਦੇਸ਼

ਨਵਾਂਸ਼ਹਿਰ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਵੱਲੋਂ ਜ਼ਿਲ੍ਹੇ ਦੇ ਪਿੰਡ ਉਲੱਦਣੀ ਦੇ ਵਿਵਾਦਿਤ ਮਾਮਲੇ ਸਬੰਧੀ ਪਿੰਡ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਮੈਂਬਰਾਂ ਵੱਲੋਂ ਪਿੰਡ ਦੇ ਐਸ.ਸੀ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੀ ਗਈ ਸ਼ਿਕਾਇਤ ਸਬੰਧੀ ਦੋਵਾਂ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਇਸ ਮਾਮਲੇ ਨੂੰ ਨਿਪਟਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਵਿਚ ਐਸ.ਡੀ.ਐਮ ਬਲਾਚੌਰ, ਡੀ.ਐਸ.ਪੀ ਬਲਾਚੌਰ, ਤਹਿਸੀਲਦਾਰ ਬਲਾਚੌਰ ਅਤੇ ਜ਼ਿਲ੍ਹਾ ਭਲਾਈ ਅਫ਼ਸਰ ’ਤੇ ਆਧਾਰਿਤ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਕਮੇਟੀ ਨੂੰ ਇਸ ਮਾਮਲੇ ਦਾ ਢੁਕਵਾਂ ਹੱਲ ਕੱਢ ਕੇ 15 ਦਿਨਾਂ ਅੰਦਰ ਰਿਪੋਰਟ ਕਮਿਸ਼ਨ ਕੋਲ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ।
                  ਜ਼ਿਕਰਯੋਗ ਹੈ ਕਿ ਪਿੰਡ ਉਲੱਦਣੀ ਦੇ ਐਸ.ਸੀ ਭਾਈਚਾਰੇ ਨਾਲ ਸਬੰਧਤ ਹਰਭਜਨ ਲਾਲ, ਦਵਿੰਦਰ ਸਿੰਘ, ਕੁਲਵੀਰ, ਮਨਜੀਤ ਰਾਮ ਅਤੇ ਮੁਖਤਿਆਰ ਸਿੰਘ ਆਦਿ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਕੁੱਝ ਲੋਕਾਂ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਗੁਰੂ ਰਵਿਦਾਸ ਮੰਦਿਰ ਵਾਲੀ ਜਗ੍ਹਾ ਨੂੰ ਛੱਡਣ ਲਈ ਦਬਾਅ ਪਾ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।ਉਨ੍ਹਾਂ ਸ਼ਿਕਾਇਤ ਵਿਚ ਕਿਹਾ ਕਿ ਪਿੰਡ ਵਿਚ ਤਿੰਨ ਪੰਚਾਇਤੀ ਥਾਵਾਂ ਦੇ ਦਖਲ ਵਰੰਟ ਪੰਚਾਇਤ ਕੋਲ ਹਨ, ਪਰੰਤੂ ਬਾਕੀ ਦੋਵਾਂ ਨੂੰ ਕੁੱਝ ਨਹੀਂ ਕਿਹਾ ਜਾ ਰਿਹਾ ਅਤੇ ਕੇਵਲ ਉਨ੍ਹਾਂ ਨੂੰ ਹੀ ਜਗ੍ਹਾ ਛੱਡਣ ਲਈ ਦਬਾਅ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਹੀ ਲਾਗੂ ਕਰਨਾ ਹੈ ਤਾਂ ਸਾਰਿਆਂ ’ਤੇ ਬਰਾਬਰ ਹੋਣਾ ਚਾਹੀਦਾ ਹੈ।ਕਮਿਸ਼ਨ ਮੈਂਬਰਾਂ ਵੱਲੋਂ ਦੋਵਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਇਸ ਮਾਮਲੇ ’ਤੇ ਕਮੇਟੀ ਦੇ ਗਠਨ ਦਾ ਫ਼ੈਸਲਾ ਕੀਤਾ ਗਿਆ।
                    ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਜਸਦੇਵ ਸਿੰਘ ਪੁਰੇਵਾਲ, ਬੀ.ਡੀ.ਪੀ.ਓ ਬਲਾਚੌਰ ਦਰਸ਼ਨ ਸਿੰਘ, ਐਸ.ਐਚ.ਓ ਬਲਾਚੌਰ ਅਵਤਾਰ ਸਿੰਘ, ਸਰਪੰਚ ਸੰਤੋਸ਼ ਕੁਮਾਰੀ ਤੇ ਹੋਰ ਮੋਹਤਬਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …