ਐਨ. ਓ. ਸੀ ਸਬੰਧਤ ਮਾਲਕ ਨੂੰ ਸੌਂਪਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ।
ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) -‘ਪੰਜਾਬ ਸਰਕਾਰ ਨੇ ਲੰਮੇ ਸਮੇਂ ਤੋਂ ਵਿਕਾਸ ਲਈ ਤਰਸ ਰਹੀਆਂ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਪਹਿਲਾਂ ਇਕ ਸਾਲ ਵਾਸਤੇ ਲੋਕਾਂ ਨੂੰ ਮੋਹਲਤ ਦਿੱਤੀ ਸੀ, ਜਿਸ ਨੂੰ ਹੁਣ 27 ਜਨਵਰੀ ਤੱਕ ਵਧਾਇਆ ਗਿਆ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਲਗਾਏ ਗਏ ਵਿਸ਼ੇਸ਼ ਕੈਂਪ ਦਾ ਉਦਘਾਟਨ ਕਰਨ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ। ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਕਾਨੂੰਨ ਤੋਂ ਪਹਿਲਾਂ ਸ਼ਹਿਰਾਂ ਵਿਚ ਪਲਾਟ ਰੈਗੂਲਰ ਕਰਨ ਲਈ 475 ਰੁਪਏ ਗਜ਼ ਤੱਕ ਫੀਸ ਦੇਣੀ ਪੈ ਰਹੀ ਸੀ, ਜਿਸ ਨੂੰ ਸਰਕਾਰ ਨੇ ਬਹੁਤ ਹੀ ਨਾਮਾਤਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਸਕੀਮ ਦਾ ਲਾਹਾ ਲੈਣਾ ਚਾਹੀਦਾ ਹੈ ਅਤੇ ਇਹ ਮਾਮੂਲੀ ਫੀਸ ਭਰਕੇ ਆਪਣੇ ਪਲਾਟ-ਕਾਲੋਨੀਆਂ ਰੈਗੂਲਰ ਕਰਵਾ ਲੈਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਇਹ ਸਕੀਮ ਅਪ੍ਰੈਲ 2014 ਵਿਚ ਖਤਮ ਹੋ ਗਈ ਸੀ, ਪਰ ਸੈਂਕੜੇ ਲੋਕ ਰਹਿ ਜਾਣ ਕਾਰਨ ਇਹ ਮੁੱਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੋਲ ਉਠਾਇਆ ਗਿਆ ਸੀ, ਜਿੰਨਾਂ ਨੇ ਲੋਕਾਂ ਦੀਆਂ ਲੋੜਾਂ ਅਤੇ ਮੁਸ਼ਿਕਲਾਂ ਨੂੰ ਸਮਝਦੇ ਹੋਏ ਇਹ ਆਖਰੀ ਮੌਕਾ ਦਿੱਤਾ ਹੈ। ਉਨਾਂ ਕਿਹਾ ਕਿ ਇਸ ਮੌਕੇ ਤੋਂ ਮਗਰੋਂ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਅਤੇ ਜੋ ਪਲਾਟ ਤੇ ਕਾਲੋਨੀਆਂ ਰੈਗੂਲਰ ਹੋਣ ਤੋਂ ਰਹਿ ਗਏ, ਉਨਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਜਾਵੇਗੀ।
ਸ੍ਰੀ ਜੋਸ਼ੀ ਨੇ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਐਨ ਓ ਸੀ ਲੈਣ ਲਈ ਸਾਰੇ ਪੰਜਾਬ ਵਿਚ ਸਬੰਧਤ ਕਾਰਪੋਰੇਸ਼ਨਾਂ ਦੇ ਅਧਿਕਾਰੀ ਲੋਕਾਂ ਨਾਲ ਪਿਆਰ-ਮਹੁੱਬਤ ਨਾਲ ਪੇਸ਼ ਆਉਣ ਅਤੇ ਉਨਾਂ ਨੂੰ ਸਹੀ ਤਰਾਂ ਗਾਈਡ ਕਰਨ। ਸ੍ਰੀ ਜੋਸ਼ੀ ਨੇ ਕਿਹਾ ਕਿ ਜੇਕਰ ਕਿਧਰੇ ਵੀ ਕੋਈ ਭ੍ਰਿਸ਼ਟਾਚਾਰ ਦੀ ਖਬਰ ਮਿਲੀ ਤਾਂ ਸਬੰਧਤ ਕਰਮਚਾਰੀ ਨੂੰ ਤਰੁੰਤ ਬਰਖਾਸਤ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਚਲਾਈ ਇਸ ਮੁਹਿੰਮ ਵਿਚ ਬਹੁਤ ਘੱਟ ਸਮੇਂ ਵਿਚ ਐਨ ਓ ਸੀ ਜਾਰੀ ਕੀਤੇ ਜਾ ਰਹੇ ਹਨ ਅਤੇ ਵਿਸ਼ੇਸ਼ ਅਮਲਾ ਵੀ ਇਸ ਕੰਮ ਲਈ ਤਾਇਨਾਤ ਕੀਤਾ ਗਿਆ ਹੈ, ਸੋ ਲੋਕ ਬਿਨਾਂ ਕਿਸੇ ਭੀੜ ਅਤੇ ਖੱਜ਼ਲ-ਖੁਆਰੀ ਦੇ ਆਪਣੀ ਅਰਜ਼ੀ ਦੇ ਸਕਦੇ ਹਨ। ਸ੍ਰੀ ਜੋਸ਼ੀ ਨੇ ਲੋਕਾਂ ਦੇ ਭੁਲੇਖੇ ਨੂੰ ਦੂਰ ਕਰਦੇ ਸਪੱਸ਼ਟ ਕੀਤਾ ਕਿ ਇਕ ਪਲਾਟ ਲਈ ਇਕ ਵਾਰ ਹੀ ਐਨ ਓ ਸੀ ਲੈਣ ਦੀ ਲੋੜ ਹੈ। ਇਸ ਮੌਕੇ ਉਨਾਂ ਅੰਮ੍ਰਿਤਸਰ ਕਾਰਪਰੇਸ਼ਨ ਵੱਲੋਂ ਜਾਰੀ ਕੀਤੀ ਪਹਿਲੀ ਐਨ ਓ ਸੀ ਵੀ ਸਬੰਧਤ ਵਿਅਕਤੀ ਨੂੰ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਬਖਸ਼ੀ ਰਾਮ ਅਰੋੜਾ, ਕਮਿਸ਼ਨਰ ਪ੍ਰਦੀਪ ਸਭਰਵਾਲ ਤੇ ਕਈ ਕੌਸ਼ਲਰ ਸਾਹਿਬਾਨ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …