8 ਮਾਰਚ ਨੂੰ ਪੰਜਾਬ ਭਰ ‘ਚ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਰੋਸ ਪੱਤਰ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 5 ਮਾਰਚ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਸੱਤੀ ਪਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਦੂਜੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਸਾਹਮਣੇ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋਂ ਕਨਵੀਨਰ ਪ੍ਰੇਮ ਸਾਗਰ ਸ਼ਰਮਾ, ਮਾਲਡੇ, ਪ੍ਰੇਮ ਨਾਥ ਸਮਰਾਲਾ ਅਤੇ ਚਰਨ ਸਰਾਭਾ ਦੀ ਅਗਵਾਈ ‘ਚ ਭੁੱਖ ਹੜਤਾਲ ਕੀਤੀ ਗਈ।ਭੁੱਖ ਹੜਤਾਲ ਵਿੱਚ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਾਣਬੁੱਝ ਕੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਉਹਨਾਂ ਦੇ ਬਕਾਏ ਦੀ ਅਦਾਇਗੀ ਦੇ ਹੁਕਮ ਜਾਰੀ ਨਹੀਂ ਕਰ ਰਹੀ।ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀ ਅਦਾਇਗੀ ਅਤੇ ਕੈਸ਼ਲੈਸ ਸਿਸਟਮ ਆਫ਼ ਟਰੀਟਮੈਂਟ ਨੂੰ ਲਮਕਾ ਕੇ ਰੱਖਿਆ ਹੋਇਆ ਹੈ।ਪੁਰਾਣੀ ਪੈਨਸ਼ਨ ਨੀਤੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਅਤੇ ਖ਼ਾਲੀ ਪਈਆਂ ਪੋਸਟਾਂ ‘ਤੇ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ।ਉਪਰੋਕਤ ਮੰਗਾਂ ਦੇ ਹੁਕਮ ਜਾਰੀ ਕਰਵਾਉਣ ਲਈ ਤਿੱਖੇ ਸੰਘਰਸ਼ ਜਾਰੀ ਰੱਖਣ ਲਈ ਮਜ਼ਬੁਰ ਹੋਣਾ ਪੈ ਰਿਹਾ ਹੈ। ਸ਼ਰਮਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਮਿਆਦ 31 ਮਾਰਚ 2021 ਤੱਕ ਵਧਾ ਕੇ ਪੰਜਾਬ ਭਰ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਜਖਮਾਂ ਤੇ ਨਮਕ ਛਿੜਕ ਕੇ ਗੁੱਸਾ ਅਤੇ ਬੇਚੈਨੀ ਵਧਾ ਦਿੱਤੀ ਹੈ।ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਨੀਤੀ ਅਤੇ ਨੀਯਤ ਸਾਫ ਨਹੀਂ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਵਲੋਂ ਇਸੇ ਤਰ੍ਹਾਂ ਬੇਰੁਖੀ ਅਖਤਿਆਰ ਕਰਕੇ ਰੱਖੀ ਗਈ ਤਾਂ 8 ਮਾਰਚ ਨੂੰ ਦੁਪਹਿਰ 12:30 ਵਜੇ ਜਲੂਸ ਦੀ ਸ਼ਕਲ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸਮਤੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਦਫਤਰ ਜਾ ਕੇ ਰੋਸ ਪੱਤਰ ਸੌਂਪੇ ਜਾਣਗੇ।