ਬਾਬਾ ਜਗਤਾਰ ਸਿੰਘ ਨੇ ਜਖਮੀ ਸਿੰਘਾਂ ਦਾ ਇਲਾਜ ਕਰਾਉਣ ਲਈ ਸੇਵਾ ਖਿੜੇ ਮੱਥੇ ਕਬੂਲ ਕੀਤੀ
ਅੰਮ੍ਰਿਤਸਰ, 30 ਅਕਤੂਬਰ (ਜਸਬੀਰ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਰਨ ਤਾਰਨ ਦੇ ਨਜਦੀਕ ਪਿੰਡ ਜੋਧਪੁਰ ਵਿਖੇ ਪੰਥ ਵਿਰੋਧੀ ਦਿਵਿਆ ਜਯੋਤੀ ਜਾਗਰਣ ਸੰਸਥਾ ਵੱਲੋ ਇੱਕ ਸਮਾਗਮ ਕਰਨ ਦੇ ਬਹਾਨੇ ਸਿੱਖੀ ਤੇ ਕੀਤੇ ਜਾ ਰਹੇ ਹਮਲਿਆ ਨੂੰ ਸ਼ਾਤਮਈ ਢੰਗ ਨਾਲ ਰੋਕਣ ਗਏ ਸਿੰਘਾਂ ਤੇ ਗੋਲੀ ਚਲਾ ਕੇ ਫੱਟੜ ਕਰਨ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਗੋਲੀਆ ਚਲਾ ਕੇ ਸਿੰਘਾਂ ਨੂੰ ਫੱਟੜ ਕਰਨ ਵਾਲੇ ਗੁੰਡਾ ਅਨਸਰਾਂ ਅਤੇ ਉਹਨਾਂ ਸਿਵਲ ਤੇ ਪੁਲੀਸ ਅਧਿਕਾਰੀਆ ਦੇ ਖਿਲਾਫ ਵੀ ਕੜੀ ਕਾਰਵਾਈ ਕੀਤੀ ਜਾਵੇ, ਜਿਹਨਾਂ ਦੀ ਅਣਗਹਿਲੀ ਤੇ ਨਲਾਇਕੀ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ।
ਜਾਰੀ ਇੱਕ ਬਿਆਨ ਰਾਹੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਪਹਿਲਾਂ ਹੀ ਆਦੇਸ਼ ਜਾਰੀ ਹੋ ਚੁੱਕੇ ਹਨ ਕਿ ਪੰਥ ਵਿਰੋਧੀ ਦਿਵਿਆ ਜਯੋਤੀ ਜਾਗਰਣ ਸੰਸਥਾ ਨੂੰ ਪੰਜਾਬ ਵਿੱਚ ਪੰਥਕ ਧਿਰਾਂ ਕੋਈ ਵੀ ਪੰਥ ਵਿਰੋਧੀ ਸਮਾਗਮ ਨਹੀ ਕਰਨ ਦੇਣਗੀਆਂ ਫਿਰ ਵੀ ਹਾਲਾਤਾਂ ਨੂੰ ਖਰਾਬ ਕਰਨ ਲਈ ਇਸ ਸੰਸਥਾ ਨੂੰ ਆਗਿਆ ਦੇਣ ਵਾਲੇ ਸਿਵਲ ਤੇ ਪੁਲੀਸ ਅਧਿਕਾਰੀ ਵੀ ਬਰਾਬਰ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆ ਨੇ ਕਈ ਦਿਨ ਪਹਿਲਾਂ ਹੀ ਪ੍ਰਸ਼ਾਸ਼ਨਿਕ ਅਧਿਕਾਰੀਆ ਨੂੰ ਸੂਚਿਤ ਕਰ ਦਿੱਤਾ ਸੀ ਕਿ ਦਿਵਿਆ ਜਯੋਤੀ ਸੰਸਥਾਨ ਨੂੰ ਸਮਾਗਮ ਕਰਨ ਦੀ ਆਗਿਆ ਨਾ ਦਿੱਤੀ ਜਾਵੇ ਪਰ ਫਿਰ ਵੀ ਪzzਸ਼ਾਸ਼ਨ ਨੇ ਆਗਿਆ ਦੇ ਕੇ ਬੱਜਰ ਗਲਤੀ ਕੀਤੀ ਹੈ।ਉਹਨਾਂ ਕਿਹਾ ਕਿ ਕਿਸੇ ਵੀ ਪੰਥ ਦੋਖੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਨਿਹੱਥੇ ਤੇ ਸ਼ਾਤਮਈ ਤਰੀਕੇ ਨਾਲ ਪੰਥ ਵਿਰੋਧੀ ਸਮਾਗਮ ਬੰਦ ਕਰਾਉਣ ਗਏ ਸਿੰਘਾਂ ‘ਤੇ ਗੋਲੀਆਂ ਚਲਾਉਣ ਵਾਲੇ ਵਿਅਕਤੀਆ ਤੇ ਅਣਗਹਿਲੀ ਵਰਤਨ ਵਾਲੇ ਪੁਲੀਸ ਮੁਲਾਜਮਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਜਥੇਦਾਰ ਨੇ ਜਿਥੇ ਵੱਖ-ਵੱਖ ਹਸਪਤਾਲਾ ਵਿੱਚ ਜਾ ਕੇ ਦਾਖਲ ਜਖਮੀ ਸਿੰਘਾਂ ਦਾ ਹਾਲ ਚਾਲ ਪੁੱਛਿਆ ਉਥੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆ ਨੂੰ ਵੀ ਆਦੇਸ਼ ਜਾਰੀ ਕੀਤੇ ਕਿ ਜਖਮੀ ਸਿੰਘਾਂ ਦੇ ਇਲਾਜ ਦਾ ਪ੍ਰਬੰਧ ਆਪਣੇ ਪੱਧਰ ਤੇ ਕਰਨ ਅਤੇ ਇਸ ਸੇਵਾ ਨੂੰ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆ ਨੇ ਖਿੜੇ ਮੱਥੇ ਕਬੂਲ ਕਰਦਿਆ ਕਿਹਾ ਕਿ ਉਹ ਜਿਥੇ ਜਿਥੇ ਵੀ ਸਿੰਘ ਦਾਖਲ ਹਨ, ਉਹਨਾਂ ਦਾ ਇਲਾਜ ਆਪਣੇ ਪੱਧਰ ਤੇ ਕਰਵਾਉਣਗੇ।ਜਥੇਦਾਰ ਨੇ ਬਾਬਾ ਜਗਤਾਰ ਸਿੰਘ ਵੱਲੋ ਜਖਮੀ ਸਿੰਘਾਂ ਦੇ ਇਲਾਜ ਕਰਾਉਣ ਲਈ ਕੀਤੀ ਪਹਿਲਕਦਮੀ ਦਾ ਧੰਨਵਾਦ ਕਰਦਿਆ ਕਿਹਾ ਕਿ ਬਾਬਾ ਜਗਤਾਰ ਸਿੰਘ ਪੰਥਪ੍ਰਸਤ ਹਨ ਤੇ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਪੂਰੀ ਤਰ੍ਹਾ ਸਮੱਰਿਪੱਤ ਹਨ।ਜਥੇਦਾਰ ਨੇ ਸਪੱਸ਼ਟ ਕਰਦਿਆਂ ਇੱਕ ਵਾਰੀ ਫਿਰ ਚਿਤਾਵਨੀ ਦਿੱਤੀ ਕਿ ਪੰਜਾਬ ਵਿੱਚ ਇਸ ਸੰਸਥਾ ਨੂੰ ਕਿਸੇ ਵੀ ਥਾਂ ਤੇ ਸਮਾਗਮ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ, ਜੇਕਰ ਫਿਰ ਵੀ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਸਮਾਗਮ ਕਰਨ ਦੀ ਇਜ਼ਾਜ਼ਤ ਦਿੱਤੀ ਤਾਂ ਫਿਰ ਨਿਕਲਣ ਵਾਲੇ ਸਿੱਟਿਆ ਲਈ ਉਹ ਅਧਿਕਾਰੀ ਹੀ ਜਿੰਮੇਵਾਰ ਹੋਵੇਗਾ।