Sunday, December 22, 2024

ਫਿ਼ਲਮ ‘ਪੁਆੜਾ’ ਨਾਲ ਪੰਜਾਬੀ ਸਿਨਮਿਆਂ ‘ਚ ਲੱਗਣਗੀਆਂ ਮੁੜ ਰੌਣਕਾਂ   

ਪੰਜਾਬੀ ਸਿਨੇਮੇ ਦੀ ਚਰਚਿਤ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਸਿਨਮੇ ਨੂੰ ਲਗਾਤਾਰ ਹਿੱਟ ਫਿਲਮਾਂ ਦਿੱਤੀਆਂ ਹਨ, ਜਿੰਨ੍ਹਾਂ ਸਦਕਾ ਇਸ ਜੋੜੀ ਨੂੰ ਦਰਸ਼ਕਾਂ ਨੇ ਦਿਲੋਂ ਪਿਆਰ ਦਿੱਤਾ ਹੈ।ਲਾਕਡਾਊਨ ਦੇ ਇੱਕ ਸਾਲ ਦੇ ਵਕਫ਼ੇ ਮਗਰੋਂ ਮਨੋਰੰਜਨ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਦਰਸ਼ਕਾਂ ਦੀ ਇਹ ਚਹੇਤੀ ਜੋੜੀ ਆਪਣੀ ਨਵੀਂ ਫਿਲਮ ‘ਪੁਆੜਾ’ 2 ਅਪਰੇਲ ਨੂੰ ਲੈ ਕੇ ਆ ਰਹੀ ਹੈ।ਜਿਕਰਯੋਗ ਹੈ ਕਿ ਹਾਸਿਆਂ ਦੇ ਪੁਆੜੇ ਪਾਉਣ ਵਾਲੀ ਇਹ ਫਿ਼ਲਮ ਦਰਸ਼ਕਾਂ ਦਾ ਨਵੀਂ ਕਹਾਣੀ ਨਾਲ ਕਾਮੇਡੀ ਭਰਿਆ ਦਿਲਚਸਪ ਮਨੋਰੰਜ਼ਨ ਕਰੇਗੀ।
                   ‘ਕੈਰੀ ਆਨ ਜੱਟਾ 2’, ‘ਵਧਾਈਆਂ ਜੀ ਵਧਾਈਆਂ’ ਅਤੇ ‘ਛੜਾ’ ਵਰਗੀਆਂ ਬਲਾਕ ਬਾਸਟਰ ਫਿਲਮਾਂ ਦੀ ਸਫਲਤਾ ਤੋਂ ਬਾਅਦ ‘ਏ ਐਂਡ ਏ ਪਿਕਚਰਜ਼’ ਪੰਜਾਬੀ ਦਰਸ਼ਕਾਂ ਲਈ ਇਹ ਨਵਾਂ ਮਨੋਰੰਜਨ ਭਰਪੂਰ ਤੋਹਫ਼ਾ ‘ਪੁਆੜਾ’ ਨਾਲ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਦਰਜ਼ ਕਰੇਗੀ।2 ਅਪ੍ਰੈਲ 2021 ਨੂੰ ਦੁਨੀਆਂ ਭਰ ਦੇ ਪੰਜਾਬੀ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਆ ਰਹੀ ਇਸ ਫਿਲਮ ਦੀ ਦਰਸ਼ਕਾਂ ਨੂੰ ਚਿਰਾਂ ਤੋਂ ਉਡੀਕ ਸੀ, ਜੋ ਲਾਕ ਡਾਊਨ ਕਰਕੇ ਹੋਰ ਵੀ ਵਧ ਗਈ, ਕਿਉਂਕਿ ਇਹ ਫਿਲਮ ਪਿਛਲੇ ਸਾਲ ਰਲੀਜ਼ ਹੋਣੀ ਸੀ।
                      ਏ ਐਂਡ ਏ ਫਿ਼ਲਮਜ਼ ਤੇ ਇਸ ਦੇ ਮਾਲਕ ਅਤੁੱਲ ਭੱਲਾ ਬਾਰੇ ਕਹਿ ਸਕਦੇ ਹਾਂ ਕਿ ਇਹ ਹਮੇਸ਼ਾਂ ਹੀ ਸਮਾਜ ਨਾਲ ਜੁੜੀਆਂ ਮਿਆਰੀ ਤੇ ਮਨੋਰੰਜ਼ਨ ਭਰਪੂਰ ਫਿਲਮਾਂ ਬਣਾਉਣ ‘ਚ ਵਿਸ਼ਵਾਸ ਰੱਖਦੇ ਹਨ, ਜੋ ਹਰ ਪੱਖੋਂ ਦਰਸ਼ਕਾਂ ਦੀ ਪਸੰਦ ‘ਤੇ ਖਰੀਆਂ ਹੋਣ।
                      ‘ਪੁਆੜਾ’ ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ‘ਪੁਆੜਾ’ ਪੰਜਾਬੀ ਦਾ ਇੱਕ ਪ੍ਰਚੱਲਤ ਸ਼ਬਦ ਹੈ, ਜਿਸ ਨੂੰ ਠੇਠ ਪੰਜਾਬੀ ਵਿੱਚ ਪੰਗਾ ਵੀ ਕਿਹਾ ਜਾਂਦਾ ਹੈ।ਇਸ ਫਿ਼ਲਮ ਦਾ ਵਿਸ਼ਾ ਬਹੁਤ ਹੀ ਦਿਲਚਸਪ ਹੈ। ਜਿਸ ਵਿੱਚ ਕਾਮੇਡੀ, ਰੁਮਾਂਸ, ਪਰਿਵਾਰਕ ਨੋਕ-ਝੋਕ ਤੇ ਦਿਲਾਂ ਨੂੰ ਛੂਹ ਜਾਣ ਵਾਲਾ ਸੰਗੀਤ ਹੈ।ਦੋ ਦਿਲਾਂ ਦੀ ਆਪਸੀ ਗਿਟ-ਮਿਟ ਹੈ ਫਿਰ ‘ਪੁਆੜਾ’ ਕਿਵੇਂ ਤੇ ਕਿਉਂ ਪੈਂਦਾ ਹੈ…… ਇਹ ਦਰਸ਼ਕਾਂ ਨੂੰ 2 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਜਾ ਕੇ ਹੀ ਪਤਾ ਲੱਗੇਗਾ।
ਫਿ਼ਲਮ ਦਾ ਨਿਰਦੇਸ਼ਨ ਰੁਪਿੰਦਰ ਚਾਹਲ ਨੇ ਕੀਤਾ ਹੈ ਅਤੇ ਕਹਾਣੀ ਤੇ ਸਕਰੀਨ ਪਲੇਅ ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਾਹਲ ਤੇ ਅਨਿਲ ਰੋਧਨ ਨੇ ਮਿਲ ਕੇ ਲਿਖਿਆ ਹੈ ਜਦਕਿ ਫਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ।ਐਮੀ ਵਿਰਕ, ਸੋਨਮ ਬਾਜਵਾ ਸਮੇਤ ਸਾਰੇ ਹੀ ਕਲਾਕਾਰਾਂ ਨੇ ਫਿ਼ਲਮ ਨੂੰ ਚੰਗੀ ਬਣਾਉਣ ‘ਚ ਆਪਣਾ ਯੋਗਦਾਨ ਪਾਇਆ ਹੈ।
                   ਏ ਐਂਡ ਏ ਪਿਕਚਰਜ਼’ ਅਤੇ ਜ਼ੀ ਸਟੁਡੀਓਜ਼ ਦੀ ਪੇਸ਼ਕਸ਼ ਇਸ ਪਿਲਮ ‘ਪੁਆੜਾ’ ਦਾ ਨਿਰਮਾਣ ਬ੍ਰੇਟ ਫਿਲਮਜ਼ ਵਲੋਂ ਕੀਤਾ ਗਿਆ ਹੈ।ਇਸ ਫ਼ਿਲਮ ਦੇ ਨਿਰਮਾਤਾ ਅਤੁੱਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਬਲਵਿੰਦਰ ਸਿੰਘ ਜੰਜੁਆ ਹਨ।ਜ਼ੀ ਸਟੂਡੀਓਜ਼ ਵਲੋਂ ਸਾਰੇ ਵਿਸ਼ਵ ਵਿਆਪੀ ਅਧਿਕਾਰ ਹਾਸਲ ਕਰਕੇ ਇਸ ਫਿਲਮ ਨੂੰ ਵੱਡੀ ਪੱਧਰ ‘ਤੇ ਰਲੀਜ਼ ਕਰਨ ਦੀ ਤਿਆਰੀ ਕੀਤੀ ਗਈ ਹੈ।28032021

ਹਰਜਿੰਦਰ ਸਿੰਘ ਜਵੰਦਾ
ਮੋ – 9463828000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …