Sunday, June 30, 2024

ਖਾਲਸਾ ਕਾਲਜ ਆਇਆ ਯੂ. ਕੇ. ਤੋਂ ਸਿੱਖ ਕੌਂਸਲ ਦਾ ਵਫ਼ਦ

ਬਿਨਾਂ ਜਰੂਰੀ ਦਸਤਾਵੇਜ਼ਾਂ ਦੇ ਵਿਦੇਸ਼ ਜਾਣ ਦੀ ਹੋੜ ਨੇ ਨੌਜਵਾਨਾਂ ਨੂੰ ਕੀਤਾ ਗੁੰਮਰਾਹ – ਯੂ. ਕੇ. ਵਫ਼ਦ

PPN140313
ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ ਬਿਊਰੋ) – ਇੰਗਲੈਂਡ (ਯੂ. ਕੇ.) ‘ਤੋਂ ਸਿੱਖ ਕੌਂਸਲ ਦਾ ਇਕ ਉੱਚ ਪੱਧਰੀ ਵਫ਼ਦ ਅੱਜ ਇਤਿਹਾਸਿਕ ਖਾਲਸਾ ਕਾਲਜ ਵਿਖੇ ਪਹੁੰਚਿਆ, ਜਿੱਥੇ ਉਨਾਂ ਨੇ ਬਿਨਾਂ ਜਰੂਰੀ ਦਸਤਾਵੇਜ਼ਾਂ ਦੇ ਵਿਦੇਸ਼ ਜਾਣ ਦੀ ਹੋੜ ‘ਚ ਲੱਗੇ ਨੌਜਵਾਨਾਂ ਨੂੰ ਏਜੰਟਾਂ ਤੋਂ ਬਚਣ ਲਈ ਅਗਾ ਕੀਤਾ ਗਿਆ। ਉਨਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਜਿਨਾਂ ‘ਚ ਲੜਕੀਆਂ ਵੀ ਸ਼ਾਮਿਲ ਹਨ ਅੱਜ ਕਲ੍ਹ ਪੜ੍ਹਾਈ ਦੇ ਬਹਾਨੇ ਇੰਗਲੈਂਡ ਪਹੁੰਚ ਰਹੇ ਹਨ, ਪਰ ਉੱਥੇ ਨੌਕਰੀਆਂ ਨਾ ਮਿਲਣ ਕਾਰਨ ਸੜਕਾਂ ‘ਤੇ ਧੱਕੇ ਖਾਣ ਲਈ ਮਜ਼ਬੂਰ ਹੋ ਰਹੇ ਹਨ। ਸਿੱਖ ਕੌਂਸਲ ਦੇ ਜਨਰਲ ਸਕੱਤਰ ਸ: ਗੁਰਮੇਲ ਸਿੰਘ ਨੇ ਕਿਹਾ ਕਿ ਉਨਾਂ ਦੇ ਇਸ ਵਫ਼ਦ ਦਾ ਪੰਜਾਬ ਆਉਣ ਦਾ ਮਕਸਦ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਸੰਸਥਾਵਾਂ ‘ਚ ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਸਾਂਝਾ ਕਰਨਾ ਸੀ ਤਾਂ ਕਿ ਉਨਾਂ ਨੂੰ ਵਿਦੇਸ਼ ਵਿਚਲੇ ਅਸਲੀ ਹਾਲਾਤਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨਾਂ ਨੇ ਸਿੱਖ ਲੜਕੀਆਂ ਦੇ ਹੋ ਰਹੇ ਸੋਸ਼ਣ ਸਬੰਧੀ ਤਿਆਰ ਕੀਤੀ ਹੋਈ ਇਕ ਡਾਕੂਮੈਂਟਰੀ ਫ਼ਿਲਮ ‘ਟੁੱਟੇ ਸਪਨੇ’ ਵੀ ਵਿਦਿਆਰਥੀਆਂ ਨੂੰ ਵਿਖਾਈ, ਜਿਸ ‘ਚ ਨੌਜਵਾਨਾਂ ਨਾਲ ਹੋ ਰਹੇ ਵਿਤਕਰੇ ਤੇ ਉਨਾਂ ਦੇ ਆਰਥਿਕ ਤੇ ਸਰੀਰਿਕ ਕਸ਼ਟਾਂ ‘ਤੇ ਚਾਨਣਾ ਪਾਇਆ। ਸਿੱਖ ਕੌਂਸਲ ਦੀ ਸੰਚਾਲਕਾ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੀਜ਼ੇ ਦੀ ਪੂਰੀ ਜਾਣਕਾਰੀ ਹੋਣਾ ਲਾਜ਼ਮੀ ਹੈ, ਤਾਂ ਹੀ ਉਹ ਅਜਿਹੀਆਂ ਮੁਸੀਬਤਾਂ ਤੋਂ ਬਚ ਸਕਦੇ ਹਨ। ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਵਫ਼ਦ ਦਾ ਕਾਲਜ ਦੇ ਵਿਹੜੇ ‘ਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਡਾ. ਦਲਜੀਤ ਸਿੰਘ ਨੇ ਕਿਹਾ ਕਿ ਗਾਹੇ-ਬਗਾਹੇ ਸਾਨੂੰ ਨੌਜਵਾਨਾਂ ਦੇ ਇੰਗਲੈਂਡ ‘ਚ ਸੋਸ਼ਣ ਤੇ ਉਨਾਂ ਦੀਆਂ ਕਠਿਨਾਈਆਂ ਸਬੰਧੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਜੋ ਕਿ ਲੂ ਕੰਢੇ ਖੜ੍ਹਣ ਵਾਲੀਆਂ ਹੁੰਦੀਆਂ ਹਨ। ਉਨਾਂ ਕਿਹਾ ਕਿ ਉਨਾਂ ਨੂੰ ਖੁਸ਼ੀ ਹੈ ਕਿ ਇਸ ਵਫ਼ਦ ਨੇ ਕਾਲਜ ‘ਚ ਆ ਕੇ ਵਿਦਿਆਰਥੀਆਂ ਨਾਲ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਨ ਡਾ. ਨਵਰੀਨ ਬਾਵਾ, ਡਾ. ਐੱਮ. ਐੱਸ. ਬੱਤਰਾ ਤੇ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply