ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪਹਿਲੀ, ਸਨਅਤੀ ਸ਼ਹਿਰ ਲੁਧਿਆਣਾ ਵਿਖੇ ਸਥਿਤ ਹੈ।ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਗਊ ਘਾਟ ਸਾਹਿਬ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਗਊਸ਼ਾਲਾ ਰੋਡ ’ਤੇ ਸ਼ੁਸ਼ੋਭਿਤ ਹੈ।ਇਸ ਪਾਵਨ ਅਸਥਾਨ ਦੀ ਸੁੰਦਰ ਇਮਾਰਤ ਆਕਾਸ਼ ਨੂੰ ਛੋਂਹਦਾ ਕੇਸਰੀ ਨਿਸ਼ਾਨ ਸਾਹਿਬ ਕਾਫੀ ਦੂਰ ਤੋਂ ਝੂਲਦਾ ਦਿਖਾਈ ਪੈਂਦਾ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1515 ਈਸਵੀ ਨੂੰ ਇਥੇ ਆਏ ਜੋ ਸਤਲੁਜ ਦਰਿਆ ਦੇ ਕਿਨਾਰੇ ਸੀ।ਇਥੇ ਬਿਰਾਜ਼ ਕੇ ਗੁਰੂ ਜੀ ਰੱਬੀ ਬਾਣੀ ਰਾਹੀਂ ਨਿਰੰਕਾਰ ਦੀ ਸਿਫਤ ਸਲਾਹ ਵਿੱਚ ਮਗਨ ਹੋ ਗਏ।ਉਸ ਸਮੇਂ ਲੁਧਿਆਣੇ ਦਾ ਨਵਾਬ ਜਲਾਲ ਖਾਂ ਲੋਧੀ ਆਪਣੇ ਦਰਬਾਰੀਆਂ ਸਮੇਤ ਭੇਟਾ ਲੈ ਕੇ ਗੁਰੂ ਜੀ ਦੀ ਸ਼ਰਨ ਵਿਚ ਆਇਆ ਤੇ ਗੁਰੂ ਚਰਨਾਂ ਵਿਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ, ਇਹ ਸਤਲੁਜ ਦਰਿਆ ਸ਼ਹਿਰ ਨੂੰ ਢਾਹ ਲਾਈ ਜਾ ਰਿਹਾ ਹੈ, ਆਪ ਜੀ ਮੇਹਰ ਕਰੋ।ਉਸ ਸਮੇਂ ਗੁਰੂ ਜੀ ਨੇ ਬਚਨ ਕੀਤੇ ਕਿ ਤੁਸੀਂ ਪਰਜਾ ਨਾਲ ਇਨਸਾਫ ਕਰੋ।ਸਤਲੁਜ ਦਰਿਆ ਸ਼ਹਿਰ ਤੋਂ 7 ਕੋਹ ਦੂਰ ਹਟ ਜਾਵੇਗਾ ਅਤੇ ਇਥੋਂ ਬੁੱਢਾ ਹੋ ਕੇ ਚੱਲੇਗਾ।ਸਮਾਂ ਪਾ ਕੇ ਇਹ ਸ਼ਹਿਰ ਬਹੁਤ ਘੁੱਗ ਵੱਸੇਗਾ, ਜਿਸ ਦਾ ਦੁਨੀਆਂ ਵਿਚ ਨਾਂਅ ਹੋਵੇਗਾ।
ਇਸ ਤਰ੍ਹਾਂ ਇਹ ਗੁਰਦੁਆਰਾ ਗਊ ਘਾਟ ਪਾਤਸ਼ਾਹੀ ਪਹਿਲੀ ਜੋ ਦਰਿਆ ਘਾਟ ’ਤੇ ਬਣਿਆ ਹੈ, ਦਾ ਨਾਮ ਗੁਰਦੁਆਰਾ ਗਊ ਘਾਟ ਪੈ ਗਿਆ।ਜਿਸ ਅਸਥਾਨ ‘ਤੇ ਗੁਰੂ ਜੀ ਬਿਰਾਜ਼ੇ ਸਨ, ਅੱਜ ਇਸ ਅਸਥਾਨ ’ਤੇ ਗੁਰਦੁਆਰਾ ਗਊ ਘਾਟ ਦੀ ਆਲੀਸ਼ਾਨ ਇਮਾਰਤ ਸ਼ੁਸ਼ੋਭਿਤ ਹੈ।ਇਤਿਹਾਸ ਨਾਲ ਸੰਬੰਧਿਤ ਹੋਣ ਕਰਕੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ।ਬਾਬਾ ਜੀ ਦੀ ਯਾਦ ਵਿਚ ਹਰ ਸਾਲ ਪ੍ਰਕਾਸ਼ ਪੁਰਬ ਤੇ ਵਿਸਾਖੀ ਦਾ ਸਮਾਗਮ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਦੂਰੋਂ-ਦੂਰੋਂ ਸੰਗਤਾਂ ਇਸ ਪਵਿੱਤਰ ਅਸਥਾਨ ’ਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿਚ ਪੁੱਜਦੀਆਂ ਹਨ।13042021
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ – 98763 22677