ਸੰਮਤ 1756 ਦੀ ਵੈਸਾਖੀ (30 ਮਾਰਚ ਸੰਨ 1699) ਵਾਲੇ ਸ਼ੁਭ ਦਿਨ `ਖਾਲਸਾ ਪੰਥ` ਦੀ ਸਾਜਨਾ ਦੇ ਸੰਕਲਪ ਦੀ ਘਾੜਤ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਵਿੱਚ ਨਵੰਬਰ 1675 ਦੌਰਾਨ ਹੀ ਘੜੀ ਗਈ ਸੀ, ਜਿਸ ਦਿਨ ਭਾਈ ਜੈਤਾ ਜੀ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਦੀ ਉਪਰੰਤ ਸਤਿਗੁਰਾਂ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਆਏ ਸਨ।ਗੁਰੂ-ਪਿਤਾ ਜੀ ਦੇ ਪਾਵਨ ਸੀਸ ਦੇ ਸਸਕਾਰ ਤੋਂ ਅਗਲੇ ਦਿਨੀਂ ਜਦੋਂ ਦਸਮ ਗੁਰੂ ਨੇ ਭਾਈ ਜੈਤਾ ਜੀ ਪਾਸੋਂ, ਸ਼ਹੀਦੀ ਸਾਕੇ ਵਕਤ ਦਿੱਲੀ ਦੀ ਸਿੱਖ ਸੰਗਤ ਦੀ ਮਨੋ-ਦਸ਼ਾ ਅਤੇ ਪ੍ਰਤੀਕਰਮ ਬਾਰੇ ਪੁੱਛਿਆ ਤਾਂ ਭਾਈ ਜੈਤਾ ਜੀ ਨੇ ਗਹਿਰੇ ਸਦਮੇ ਅਤੇ ਭਰੇ ਗਲ਼ ਨਾਲ ਦੱਸਿਆ ਕਿ ਉਸ ਕਹਿਰ ਦੇ ਸਮੇਂ ਸਿੱਖ-ਸੇਵਕਾਂ ਦੇ ਮਨਾਂ ਵਿੱਚ ਡੂੰਘਾ ਸਹਿਮ ਸੀ।ਬਹੁ-ਗਿਣਤੀ ਸਿੱਖ-ਸੇਵਕ ਤਾਂ ਗੁਰੂ ਦੇ ਸਿੱਖ ਹੋਣ ਤੋਂ ਵੀ ਮੁਨਕਰ ਸਨ।ਤਮਾਸ਼ਬੀਨਾਂ ਵਿੱਚ ਹਾਜ਼ਰ ਸਿੱਖਾਂ ਦੇ ਚਿਹਰਿਆਂ ‘ਤੇ ਮੁਰਦੇਹਾਣੀ ਛਾਈ ਹੋਈ ਸੀ, ਤੇ ਉਹ ਉਚਾ ਸਾਹ ਵੀ ਨਹੀਂ ਲੈ ਰਹੇ ਸਨ।ਇਹ ਸੁਣ ਕੇ ਦਸਮ ਪਾਤਸ਼ਾਹ ਨੇ ਪੱਕਾ ਨਿਸਚਾ ਕਰ ਲਿਆ ਕਿ ਸਿੱਖਾਂ ਨੂੰ ਇਹੋ ਜਿਹਾ ਵਿਲੱਖਣ ਅਤੇ ਨਿਵੇਕਲਾ ਰੂਪ ਦਿੱਤਾ ਜਾਵੇਗਾ ਕਿ ਉਹ ਲੱਖਾਂ ਵਿੱਚ ਵੀ ਨਿਰਾਲੇ ਹੋਣਗੇ ਅਤੇ ਆਪਣੀ ਪਹਿਚਾਣ ‘ਤੇ ਮਾਣ ਮਹਿਸੂਸ ਕਰਨਗੇ, ਲੁਕਾਉਣਗੇ ਨਹੀਂ।ਸਿੱਖ ਚਜੁ-ਅਚਾਰੀ, ਨਿਰਭਉ, ਨਿਰ-ਸੁਆਰਥ, ਵਿਕਾਰ-ਰਹਿਤ ਅਤੇ ਬੁਲੰਦ ਰੂਹ-ਆਤਮਾ ਦੇ ਧਾਰਨੀ ਹੋ “ਸਿਰੁ ਧਰਿ ਤਲੀ ਗਲੀ ਮੇਰੀ ਆਉ” ਗੁਰ-ਸਿਧਾਂਤ ‘ਤੇ ਪੂਰੇ-ਸੂਰੇ ਉਤਰਨਗੇ।ਆਚਰਣਕ ਨਿਰਮਲਤਾ ਅਤੇ ਉਚਤਾ ਦੇ ਉਦੇਸ਼ ਨੂੰ ਸਨਮੁੱਖ ਰੱਖ, ਸਿੱਖਾਂ ਦੇ ਖਾਲ਼ਸ ਚਰਿੱਤਰ ਨਿਰਮਾਣ ਨੂੰ ਮਾਨਵਤਾ ਦੇ ਮਾਪ-ਦੰਡਾਂ ‘ਤੇ ਖਰਾ ਉਸਾਰਨ ਹਿੱਤ ਖਾਲਸਾ ਪੰਥ ਸਾਜਣ ਦਾ ਕਾਰਜ਼ ਨਿਸ਼ਚਿਤ ਕਰ ਲਿਆ। ਜੰਗਾਂ-ਯੁੱਧਾਂ ਵਿੱਚ ਬਾਦਸ਼ਾਹ ਦਰਵੇਸ਼ ਦਾ ਕਾਫੀ ਵਕਤ ਬਤੀਤ ਹੋ ਗਿਆ।
ਅਖੀਰ ਖਾਲਸਾ ਪੰਥ ਦੀ ਸਾਜਨਾ ਦੇ ਉਤਮ ਉਦੇਸ਼ ਦੀ ਪੂਰਤੀ ਅਤੇ ਪ੍ਰਾਪਤੀ ਲਈ ਪਹਿਲੀ ਵੈਸਾਖ ਸੰਮਤ 1756(30 ਮਾਰਚ ਸੰਨ 1699) ਦਾ ਦਿਨ ਮੁਕੱਰਰ ਕੀਤਾ।ਇਸ ਸੁਭਾਗੇ ਦਿਨ ਦਸਵੇਂ ਗੁਰਾਂ ਵਲੋਂ ਭੇਜੇ ਪ੍ਰੇਮ-ਸੰਦੇਸਰਿਆਂ ਨੂੰ ਸਿਰ-ਮੱਥੇ ਪ੍ਰਵਾਨ ਕਰਦਿਆਂ ਹੋਇਆਂ ਹਜ਼ਾਰਾਂ ਦੀ ਗਿਣਤੀ ‘ਚ ਸਿੱਖ ਸੰਗਤੀ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਗੁਰੂ ਚਰਨੀਂ ਆ ਹਾਜ਼ਰ ਹੋਏ।ਵੈਸਾਖੀ ਵਾਲੇ ਦਿਨ ਨਿਤਨੇਮ ਅਤੇ ਕਥਾ ਕੀਰਤਨ ਦੀ ਸਮਾਪਤੀ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਕੇਸਗੜ੍ਹ ‘ਤੇ ਖਲੋ, ਮਿਆਨ ਵਿੱਚੋਂ ਲਿਸ਼ਕਦੀ ਕਿਰਪਾਨ ਕੱਢ ਕੇ ਸਾਹਮਣੇ ਦੀਵਾਨ ਵਿੱਚ ਬੈਠੇ ਸਿੱਖਾਂ ਨੂੰ ਜੋਸ਼ ਭਰੀ ਅਵਾਜ਼ ਵਿੱਚ ਇੱਕ ਸੀਸ ਅਰਪਣ ਕਰਨ ਦੀ ਵੰਗਾਰ ਪਾਈ। ਇਤਿਹਾਸਕਾਰਾਂ ਅਨੁਸਾਰ ਇਸ ਅਸਚਰਜ਼ ਅਤੇ ਅਣਕਿਆਸੀ ਵੰਗਾਰ ਨੂੰ ਸੁਣ ਕੇ ਦੀਵਾਨ ਵਿੱਚ ਘਬਰਾਹਟ ਭਰਿਆ ਸੰਨਾਟਾ ਛਾ ਗਿਆ।ਕੁੱਝ ਹੀ ਪਲਾਂ ਪਿਛੋਂ ਭਾਈ ਦਯਾ ਰਾਮ ਜੀ ਬੜੀ ਆਜਿਜ਼ ਅਤੇ ਹਲੀਮੀ ਸਹਿਤ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਅਰਪਣ ਕਰਨ ਲਈ ਪੇਸ਼ ਹੋ ਗਏ।ਦਸਮੇਸ਼ ਪਿਤਾ ਜੀ ਭਾਈ ਸਾਹਿਬ ਨੂੰ ਨਵੇਂ ਸਜ਼ਾਏ ਤੰਬੂ ਵਿੱਚ ਲੈ ਗਏ।ਛਿਣਾਂ ਬਾਅਦ ਹੀ ਦੀਵਾਨ ਵਿੱਚ ਬੈਠੀਆਂ ਸੰਗਤਾਂ ਨੂੰ ਕਿਰਪਾਨ ਨਾਲ ਕੀਤੇ ਝਟਕੇ ਦੀ ਭੈਭੀਤ ਕਰਨ ਵਾਲੀ ਆਵਾਜ਼ ਆਈ।ਅਗਲੇ ਹੀ ਪਲ ਸਤਿਗੁਰ ਜੀ ਲਹੂ-ਲਿਬੜੀ ਕਿਰਪਾਨ ਲੈ ਕੇ ਫਿਰ ਦੀਵਾਨ ਵਿੱਚ ਹਾਜ਼ਰ ਹੋ ਗਏ ਤੇ ਦੂਜੇ ਸੀਸ ਲਈ ਗੜ੍ਹਕਵੀਂ ਲਲਕਾਰ ਪਾਈ।ਇਸ ਵਾਰੀ ਹੱਥ ਜੋੜ ਕੇ ਭਾਈ ਧਰਮ ਚੰਦ ਜੀ, ਤੇ ਫਿਰ ਤੀਸਰਾ ਸੀਸ ਲੈ ਕੇ ਭਾਈ ਹਿੰਮਤ ਰਾਇ ਜੀ, ਚੌਥੀ ਵਾਰ ਭਾਈ ਸਾਹਿਬ ਚੰਦ ਜੀ ਅਤੇ ਪੰਜਵਾਂ ਸੀਸ ਭਾਈ ਮੋਹਕਮ ਚੰਦ ਜੀ ਗੁਰੂ ਚਰਨਾਂ ਵਿੱਚ ਭੇਂਟ ਕਰਨ ਲਈ ਹਾਜ਼ਰ ਹੋਏ।
ਹਰੇਕ ਮਰਜੀਵੜੇ ਨੂੰ ਦਸਮੇਸ਼ ਪਿਤਾ ਤੰਬੂ ਵਿੱਚ ਲੈ ਜਾਂਦੇ ਤੇ ਕਿਰਪਾਨ ਨਾਲ ਕੀਤੇ ਝਟਕੇ ਦੀ ਅਵਾਜ਼ ਸੰਗਤਾਂ ਸੁਣਦੀਆਂ।ਵੱਡਾ ਅਤੇ ਇਤਿਹਾਸਕ ਇਨਕਲਾਬ ਲਿਆਉਣ ਲਈ ਤਿਆਰ ਇਨਕਲਾਬੀਆਂ ਦਾ ਇਮਤਿਹਾਨ ਵੀ ਤਾਂ ਅਨੋਖਾ ਅਤੇ ਰੱਤੜਾ ਹੁੰਦਾ ਹੈ।
ਦੀਵਾਨ ਵਿੱਚ ਪੱਸਰੀ ਸ਼ਾਂਤੀ ਅਤੇ ਸਹਿਮ ਭਰੀ ਚੁੱਪ ਉਸ ਵੇਲੇ ਹਰਸ਼-ਉਲਾਸ ਵਿੱਚ ਤਬਦੀਲ ਹੋ ਗਈ, ਜਦੋਂ ਗੁਰਦੇਵ ਪਿਤਾ, ਕਮਰਕੱਸਿਆਂ ਵਿੱਚ ਬੱਝੇ ਨਵੇਂ ਚੋਲਿਆਂ ਵਿੱਚ ਅਤੇ ਨਵੀਆਂ ਦਸਤਾਰਾਂ ਸਜ਼ਾਈ ਪੰਜਾਂ ਮਰਜੀਵੜਿਆਂ ਸਮੇਤ ਤੰਬੂ ਵਿਚੋਂ ਦੀਵਾਨ ਵਿੱਚ ਹਾਜ਼ਰ ਹੋ ਗਏ।ਗੁਰੂ ਸਾਹਿਬ ਨੇ ਇਨ੍ਹਾਂ ਪੰਜ `ਗੁਰੂ ਸਵਾਰਿਆਂ` ਨੂੰ “ਪੰਜ ਪਿਆਰੇ” ਦੇ ਖਿਤਾਬ ਨਾਲ ਨਿਵਾਜ਼ਿਆ ਅਤੇ ਆਪਣੀ ਛਾਤੀ ਨਾਲ ਲਾ ਕੇ ਕ੍ਰਿਪਾ ਦ੍ਰਿਸ਼ਟੀ ਬਖਸ਼ਿਸ਼ ਕੀਤੀ।ਗੁਰੂ-ਗਰੀਬ-ਨਿਵਾਜ਼ ਸਤਿਗੁਰ ਜੀ ਨੇ “ਬੀਰ-ਆਸਣ” ਹੋ ਸਰਬ-ਲੋਹ ਦੇ ਬਾਟੇ ਵਿੱਚ ਨਿਰਮਲ ਜਲ ਨੂੰ ਸਰਬ-ਲੋਹ ਦੇ ਖੰਡੇ ਨਾਲ ਹਿਲਾਉਣਾ ਸ਼ੁਰੂ ਕੀਤਾ।ਖੰਡਾ ਫੇਰਦੇ ਹੋਏ ਗੁਰਦੇਵ ਆਪਣੇ ਮੁਖਾਰਬਿੰਦ ਤੋਂ ਬਾਣੀ ਦਾ ਉਚਾਰਣ ਕਰਦੇ ਰਹੇ।ਗੁਰੂ ਜੀ ਦੁਆਰਾ ਜਪੁਜੀ ਸਾਹਿਬ, ਜਾਪੁ ਸਾਹਿਬ, ਪੰਜ ਸਵੈਯੇ, ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ ਪਾਠ ਉਚਾਰਦਿਆਂ ਮਾਤਾ ਜੀਤੋ ਜੀ ਨੇ ਸਰਬ-ਲੋਹ ਦੇ ਬਾਟੇ ਵਿੱਚਲੇ ਨਿਰਮਲ ਜਲ ਵਿੱਚ ਪਤਾਸੇ ਪਾ ਕੇ “ਅੰਮ੍ਰਿਤ” ਤਿਆਰ ਕਰ ਦਿੱਤਾ।ਗੁਰੂ ਜੀ ਵਲੋਂ ਅੰਮ੍ਰਿਤ ਤਿਆਰ ਕਰਦੇ ਵਕਤ ਪੰਜ ਪਿਆਰੇ “ਵਾਹਿਗੁਰੂ” ਦਾ ਜਾਪ ਕਰਦੇ ਰਹੇ।ਪੰਜ ਬਾਣੀਆਂ ਦੇ ਪਾਠ ਦਾ ਭੋਗ ਪਾ ਕੇ ਅਰਦਾਸਾ ਸੋਧ ਕੇ ਪੰਜ ਪਿਆਰਿਆਂ ਨੂੰ ਗੁਰੂ ਗੋਬਿੰਦ ਰਾਇ ਜੀ ਨੇ ਬੀਰ ਆਸਣ ਹੋ ਕੇ ਸਜਣ ਲਈ ਫ਼ੁਰਮਾਇਆ।ਬੀਰ-ਆਸਣ ਮੁਦਰਾ ਵਿੱਚ ਸੱਜੇ ਪੰਜ ਪਿਆਰਿਆਂ ਨੂੰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਕਰ-ਕਮਲਾਂ ਨਾਲ ਪੰਜ ਪੰਜ ਚੂਲੇ ਅੰਮ੍ਰਿਤ ਦੇ ਛਕਾਏ। ਹਰੇਕ ਚੂਲਾ ਛਕਾਉਣ ਪਿਛੋਂ ਗੁਰੂ ਜੀ ਬੁਲੰਦ ਆਵਾਜ਼ ਵਿਚ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਗਜਾਉਂਦੇ।ਨਵੇਂ ਸੱਜੇ ਪੰਜ ਪਿਆਰਿਆਂ ਨੇ ਓਸੇ ਲਹਿਜੇ ਵਿੱਚ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਦਾ ਪੂਰੇ ਜਲੌ ਵਿੱਚ ਜਵਾਬ ਦਿੱਤਾ।ਇਸ ਪਿਛੋਂ ਪੰਜ ਪੰਜ ਚੂਲੇ ਪੰਜ ਪਿਆਰਿਆਂ ਦੇ ਨੇਤ੍ਰਾਂ ਅਤੇ ਕੇਸਾਂ ਉਪਰ ਕਲਗੀਧਰ ਪਾਤਸ਼ਾਹ ਨੇ ਆਪ ਛਿੜਕੇ।
ਫਿਰ ਗੁਰੂ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਦੇਸ਼ ਦਿੱਤਾ ਕਿ ਹੁਣ ਪੰਜ ਪਿਆਰੇ ਸਿੱਖ ਕੌਮ ਦੇ ਰਹਿਨੁਮਾ ਹੋਣਗੇ।ਖਾਲਸਾ ਪੰਥ ਲਈ `ਪੰਜ ਕਕਾਰਾਂ`, ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਿਹਰੇ ਦਾ ਧਾਰਨੀ ਹੋਣਾ ਲਾਜ਼ਮੀ ਕਰ ਦਿੱਤਾ।ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਿਆਂ ਅਤੇ ਸਿਰ ਤਲੀ ਉਤੇ ਰੱਖਣ ਦੇ ਉਦੇਸ਼ ਦੀ ਪੂਰਤੀ ਲਈ ਹੇਠ ਲਿਖੀਆਂ ਚਾਰ ਬੱਜ਼ਰ ਕੁਰਹਿਤਾਂ ਤੋਂ ਵਰਜ਼ਿਆ।
1. ਪਰ-ਇਸਤ੍ਰੀ ਦੇ ਸੰਗ ਤੋਂ ਬਚਣਾ।ਇਥੋਂ ਤੱਕ ਕਿ ਵੈਰੀ ਦੀ ਇਸਤਰੀ ਵੱਲ ਵੀ ਮੈਲ਼ੀ ਨਿਗਾਹ
ਨਹੀਂ ਰੱਖਣੀ।
2. ਕੁੱਠਾ ਮਾਸ ਨਹੀਂ ਖਾਣਾ।
3. ਤਮਾਕੂ ਵਰਤਣ ਦੀ ਪੱਕੀ ਮਨਾਹੀ।
4. ਕੇਸਾਂ ਦੀ ਬੇਅਬਦੀ ਨਹੀਂ ਕਰਨੀ।
ਦਸ਼ਮੇਸ਼ ਪਿਤਾ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਉਨ੍ਹਾਂ ਅੰਦਰ ਨਵਾਂ ਆਤਮਿਕ ਹੁਲਾਰਾ ਇਹ ਫੁਰਮਾ ਕੇ ਪੈਦਾ ਕੀਤਾ ਕਿ ਖਾਲਸੇ ਦੀ ਕੇਵਲ ਮਾਨਸ ਜਾਤ ਹੈ।ਜਾਤਾਂ ਦੇ ਬੰਧਨ ਕੱਟ ਕੇ ਉਨ੍ਹਾਂ ਦੇ ਨਾਵਾਂ ਨਾਲ “ਸਿੰਘ” ਜੋੜ ਕੇ ਜਾਤੀ ਅਧਾਰਿਤ ਊਚ-ਨੀਚ ਦਾ ਭੇਦ ਮਿਟਾ ਦਿੱਤਾ।ਪੰਜ ਪਿਆਰਿਆਂ ਦੇ ਨਾਮ ਹੁਣ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਮੋਹਕਮ ਸਿੰਘ ਰੱਖ ਦਿੱਤੇ।ਇਸ ਮੌਕੇ ਗੁਰੂ ਗੋਬਿੰਦ ਰਾਇ ਜੀ ਨੇ ਅਨੋਖੀ ਖੇਡ ਵਰਤਾ ਦਿੱਤੀ।ਇਸ ਉਪਰੰਤ ਸਤਿਗੁਰ ਜੀ ਖੁਦ ਬੀਰ ਆਸਣ ਮੁਦਰਾ ਵਿੱਚ ਸੱਜ ਗਏ ਅਤੇ ਪੰਜ ਪਿਆਰਿਆਂ ਨੂੰ ਅਰਜ਼ੋਈ ਕੀਤੀ ਕਿ ਉਨ੍ਹਾਂ ਨੂੰ ਵੀ ਅੰਮ੍ਰਿਤ ਦੀ ਦਾਤ ਬਖ਼ਸ਼ਣ ਦੀ ਕ੍ਰਿਪਾਲਤਾ ਕੀਤੀ ਜਾਵੇ।ਪੰਜਾਂ ਪਿਆਰਿਆਂ ਲਈ ਇਹ ਨਵੀਂ ਪਰਖ ਸੀ, ਜਿਸ ਵਿੱਚ ਉਹ ਪੂਰੇ ਉਤਰੇ।ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਰਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ ਗਏ।ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਹੱਲ ਦੀ ਨੀਂਹ ਰੱਖੀ, ਅੱਠ ਨਾਨਕ-ਜੋਤ ਗੁਰੂ ਸਾਹਿਬਾਨ ਨੇ ਨਿੱਗਰ ਉਸਾਰੀ ਜਾਰੀ ਰੱਖੀ ਅਤੇ ਦਸਵੇਂ ਜਾਮੇ ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਤੀ ਕਰ ਦਿੱਤੀ।
ਪੰਜ ਪਿਆਰਿਆਂ ਸਬੰਧੀ ਸੰਖੇਪ ਵੇਰਵਾ ਭਾਈ ਮੰਗਲ ਸਿੰਘ ਉਪਦੇਸ਼ਕ ਨੇ `ਜਨਮ ਸਾਖੀ ਬਾਬਾ ਬੁੱਢਾ ਜੀ` ਵਿੱਚ ਦਿੱਤਾ ਗਿਆ ਹੈ।13042021
ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ
ਮੋ – 98158-40755
E-mail: ankhi53@gmail.com
1. ਐਨਸਾਈਕਲੋਪੀਡੀਆ ਆਫ ਸਿਖਇਜ਼ਮ; ਹਰਬੰਸ ਸਿੰਘ
2. ਜਨਮ ਸਾਖੀ ਬਾਬਾ ਬੁੱਢਾ ਜੀ: ਭਾਈ ਮੰਗਲ ਸਿੰਘ ਉਪਦੇਸ਼ਕ
3. ਏਕ ਨੂਰ ਗੁਰੂ ਗੋਬਿੰਦ ਸਿੰਘ: ਗੁਰਮੀਤ ਸਿੰਘ ਸਿੱਧੂ
4. ਸਿੱ%