ਚੀਫ਼ ਖਾਲਸਾ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਸਾਊਥ ਅਫਰੀਕਾ ਦੀ ਸਿੱਖ ਕੌਸਲ ਨੂੰ ਕਰਵਾਇਆ ਜਾਣੂ
ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ ਬਿਊਰੋ) – ਸਿੱਖਾਂ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਜੋ 1902 ਤੋ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਨੂੰ ਪ੍ਰਚਲਿਤ ਕਰਨ ਲਈ ਯਤਨਸ਼ੀਲ ਰਹੀ ਹੈ ਅਤੇ ਇਸ ਵਲੋਂ ਸੰਚਾਲਿਤ ਅਤਿ ਆਧੁਨਿਕ ਪ੍ਰੰਤੂ ਸਿੱਖ ਸਿਧਾਤਾਂ ਨਾਲ ਜੁੜੇ ਸਕੂਲ ਅਤੇ ਕਾਲਜ ਦੀਵਾਨ ਦਾ ਮਾਣ ਵਧਾ ਰਹੇ ਹਨ । ਚੀਫ਼ ਖ਼ਾਲਸਾ ਦੀਵਾਨ ਵਲੋ ਅਗਾਂਹ ਯੂਨੀਵਰਸਿਟੀ ਯੋਜਨਾ ਵੀ ਅਧੀਨ ਹੈ।ਹਰ ਸਾਲ ਇਕ ਨਵਾਂ ਸਕੂਲ ਜਾ ਕਾਲਜ ਖੁੱਲ ਰਿਹਾ ਹੈ।ਇਹ ਵਿਚਾਰ ਸ: ਚਰਨਜੀਤ ਸਿੰਘ ਚੱਢਾ, ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਸਿੱਖ ਕੌਸਲ ਆਫ ਸਾਊਥ ਅਫਰੀਕਾ ਨੂੰ ਚੈਰੀਟੇਬਲ ਸੁਸਾਇਟੀ ਦੀਆਂ ਪ੍ਰਗਤੀਆਂ ਅਤੇ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਂਦਿਆਂ ਪ੍ਰਗਟ ਕੀਤੇ। ਕੌਂਸਲ ਦੇ ਸੱਦੇ ਨੂੰ ਸਵੀਕਾਰਦੇ ਹੋਏ ਸ: ਚਰਨਜੀਤ ਸਿੰਘ ਚੱਢਾ, ਸ. ਬਰਿੰਦਰ ਸਿੰਘ ਚੀਫ ਖਾਲਸਾ ਦੀਵਾਨ ਲੋਕਲ ਕਮੇਟੀ, ਦਿੱਲੀ ਦੇ ਮੀਤ ਪ੍ਰਧਾਨ ਅਤੇ ਹੋਰਨਾ ਮੈਂਬਰਜ ਸਾਹਿਬਾਨ ਸਮੇਤ ਸਾਊਥ ਅਫਰੀਕਾ ਪੁੱਜੇ।ਉਹਨਾਂ ਪਹਿਲਾਂ ਉਥੇ ਜੌਹਾਨਸਬਰਗ (ਸਾਊਥ ਅਫਰੀਕਾ) ਵਿਖੇ ਸਥਿਤ ਗੁਰੂਦੁਆਰਾ ਸਾਹਿਬ ਅਤੇ ਬਾਅਦ ਕੈਪਟਾਊਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਗਏ ਸਨ ਅਤੇ ਇਸ ਫੇਰੀ ਦੌਰਾਨ ਉਹਨਾਂ ਨੂੰ ਸਾਊਥ ਅਫਰੀਕਾ ਦੇ ਸਿੱਖ ਭਰਾਵਾਂ ਜੋ ਸਰਬਤ ਦੇ ਭਲੇ ਲਈ ਸਿੱਖੀ ਭਾਈਚਾਰੇ ਨੂੰ ਵਧਾਉਣ ਅਤੇ ਗੁਰ-ਸਿੱਖਿਆਵਾਂ ਨੂੰ ਲੋਕਾਂ ਤੱਕ ਨਿਸ਼ਕਾਮ ਭਾਵਨਾ ਨਾਲ ਪਹੁੰਚਾਉਣ ਦਾ ਕੰਮ ਕਰ ਰਹੇ ਹਨ ਨੂੰ ਮਿਲੇ ਸਨ। ਸ: ਚਰਨਜੀਤ ਸਿੰਘ ਚੱਢਾ ਨੇ ਚੀਫ ਖਾਲਸਾ ਦੀਵਾਨ ਵੱਲੋ ਪ੍ਰਕਾਸ਼ਿਤ ਖਾਲਸਾ ਐਡਵੋਕੇਟ, ਨਿਰਗੁਣਆਰਾ ਅਤੇ ਚੀਫ ਖਾਲਸਾ ਦੀਵਾਨ ਦੀ ਸਲਾਨਾ ਰਿਪੋਰਟ ਤੇ ਵੀ ਰੋਸ਼ਨੀ ਪਾਈ।ਸਾਊਥ ਅਫਰੀਕਾ ਦੀ ਸਿੱਖ ਕੌਸਲ ਦੇ ਮੈਂਬਰਾਂ ਨੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋ ਧਾਰਮਿਕ, ਸਮਾਜਿਕ ਅਤੇ ਸਿੱਖਿਆ ਦੇ ਖੇਤਰ ਵਿਚ ਪਾਏ ਅਮੁੱਲ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਪ੍ਰਧਾਨ, ਸ: ਚਰਨਜੀਤ ਸਿੰਘ ਚੱਢਾ ਨੇ ਉਥੋਂ ਦੇ ਵੱਸਦੇ ਸਿੱਖਾਂ ਨੂੰ ਸਿੱਖੀ ਵਿਰਸੇ ਅਤੇ ਸਿੱਖ ਰਹਿਤ-ਮਰਿਯਾਦਾ ਅਨੁਸਾਰ ਸੱਚਾ-ਸੁੱਚਾ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ। ਉਹਨਾਂ ਸਾਊਥ ਅਫਰੀਕਾ ਦੀ ਸਿੱਖ ਕੌਸਲ ਨੂੰ ਉਥੋਂ ਦੇ ਸਿੱਖਾਂ ਵਿਚ ਵੱਧ ਰਹੇ ਪਤਿਤਪੁਣੇ ਨੂੰ ਰੋਕਣ ਅਤੇ ਉਹਨਾਂ ਨੂੰ ਗੁਰੂ ਸਿਖਿਆਵਾਂ ਤੇ ਚਲਣ ਲਈ ਪ੍ਰੇਰਿਤ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੀ ਅਗਲੀ ਫੇਰੀ ਦੌਰਾਨ ਸਾਊਥ ਅਫਰੀਕੀ ਸਿੱਖ ਭਰਾਵਾਂ ਨੂੰ ਮਿਲਣ ਤੇ ਮਾਣ ਮਹਿਸੂਸ ਕਰ ਸਕਣ।ਜਿਕਰਯੋਗ ਹੈ ਕਿ ਸ੍ਰ. ਚਰਨਜੀਤ ਸਿੰਘ ਚੱਢਾ ਸਾਊਥ ਅਫਰੀਕਾ ਦੀ ਸਫਲ ਫੇਰੀ ਉਪਰੰਤ ਆਪਣੇ ਸਹਿਯੋਗੀਆਂ ਸਮੇਤ ਵਾਪਸ ਅੰਮ੍ਰਿਤਸਰ ਪਰਤ ਆਏ ਹਨ।