Saturday, April 13, 2024

ਲਿਖਤੀ ਬਿਆਨ

ਹੁਣ ਤਾਂ ਜਾਪਣ ਲੱਗ ਪਿਆ ਏ,
ਕੁੱਝ ਇਸ ਤਰਾਂ,
ਜਿਵੇਂ ਧਰਤੀ ਦੇ,
ਉਪਰ ਵੱਲ ਨੂੰ ਉਠ ਰਿਹਾ ਹੈ,
ਬੇਦੋਸ਼ ਲਾਸ਼ਾਂ ਦਾ,
ਸ਼ਮਸ਼ਾਨਾਂ ਵਿੱਚ ਧੂੰਆਂ।

ਚੁੱਪ-ਚਾਪ ਸੁਣ ਰਿਹਾ ਹੋਵੇ,
ਅਕਾਸ਼ੀ ਖੇਲਾਂ ਦੀਆਂ ਆਪਣੀਆਂ,
ਗਤੀਆਂ ਦਾ,
ਬੜਾ ਹੀ,
ਸ਼ੋਰਦਾਰ ਸੰਗੀਤ।

ਅਕਾਸ਼ੀ ਤਾਰਿਆਂ ਦਾ ਝੁੰਡ,
ਨਿੱਤ ਰਾਤ ਨੂੰ ਖੇਡ ਰਿਹਾ ਹੋਵੇ,
ਆਪਣੀਆਂ ਹੀ ਰਹੱਸਮਈ ਖੇਡਾਂ।

ਮਨੁੱਖ ਤਾਂ ਜਿਵੇਂ ਭੁੱਲ ਹੀ,
ਗਿਆ ਹੋਵੇ,
ਕਿਸੇ ਵੀ ਵਿਸ਼ੇਸ਼ ਸ਼ਾਖਾ ਨੂੰ ,
ਆਪਣੇ ਨੇਜ਼ੇ ਨਾਲ
ਦਿਖਾ ਕੇ ਹਿੰਮਤ,
ਇਕਦਮ ਵਿੰਨਣਾ।

ਸਮੇਂ ਦੀ ਸੂਈ ਵੀ,
ਭੁੱਲ ਗਈ ਹੋਵੇ,
ਆਪਣਾ ਸਹੀ ਵਕਤ
ਸਾਰੀ ਕਾੲਨਾਤ ਨੂੰ ਦੱਸਣਾ।

ਬਹਾਰ ਦੇ ਮੌਸਮ ਵਿੱਚ ਵੀ,
ਮਹਿਸੂਸ ਹੋ ਰਹੇ ਨੇ,
ਵਹਿੰਦੇ ਹੋਏ,
ਤੇਜ਼ ਤੁਫ਼ਾਨਾਂ ਦੀ ਤਰ੍ਹਾਂ,
ਬਰਸਾਤੀ ਨਾਲੇ ਅਤੇ ਦਰਿਆ।

ਡਰ ਹੈ ਕਿ ਕਿਤੇ,
ਸੁੱਤ-ਅਨਿੰਦੇ ਲੈ ਨਾ ਜਾਵਣ,
ਪੂਰੇ ਦਾ ਪੂਰਾ ਸ਼ਹਿਰ,
ਆਪਣੇ ਨਾਲ ਰੋੜ।

ਫੈਲ ਗਿਆ ਹੋਵੇ,
ਚਾਰ ਚੁਫੇਰੇ ਹੀ,
ਆਰ-ਪਾਰ ਦਲਦਲ ਜਿਹਾ,
ਚੀਕਨਾ ਗਾਰਾ।

ਜਿਸ ਨੂੰ ਹੁਣ ਮੁਸ਼ਕਲ ਹੈ,
ਅੱਜ ਦੇ ਸਮੇਂ ਵਿੱਚ,
ਆਪਣੀਆਂ ਹੀ,
ਗਿੱਠਾਂ ਨਾਲ ਮਿਣਨਾ।

ਨਹੀਂ ਦਿਸ ਰਿਹਾ ਹੈ,
ਕੋਈ ਵੀ ਨਿਪੁੰਨ ਮਾਹਰ,
ਜੋ ਬਣ ਕੇ ਦਾਹਵੇਦਾਰ,
ਦੇ ਦੇਵੇ ਜਾ ਕੇ,
ਸਭ ਤੋਂ ਵੱਡੀ,
ਦੁਨੀਆਂ ਦੀ ਅਦਾਲਤ ਵਿੱਚ,
ਆਪਣਾ ਲਿਖਤੀ ਬਿਆਨ।23052021

ਜਸਵੰਤ ਕੌਰ ਬੈਂਸ
ਲੈਸਟਰ, ਯੂ.ਕੇ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …