Sunday, December 22, 2024

 ਸ੍ਰੀ ਗੁਰੂ ਨਾਨਕ ਦੇਵ ਜੀ ਦਾ ‘ਪ੍ਰਕਾਸ਼-ਪੁਰਬ’ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ

ਜਥੇ ਦੇ ਮੁਖੀ ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ‘ਚ ਗਏ 759 ਸਿੱਖ ਸ਼ਰਧਾਲੂ

PPN04111418
ਅਮ੍ਰਿਤਸਰ, 4 ਨਵੰਬਰ (ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 6 ਨਵੰਬਰ ਨੂੰ ਪ੍ਰਕਾਸ਼-ਪੁਰਬ ਗੁਰਦੁਆਰਾ ਜਨਮ-ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਵੱਲੋਂ ਜਥੇ ਦੇ ਮੁਖੀ ਸ.ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਉਪ ਮੁਖੀ ਸ. ਹਰਵਿੰਦਰ ਸਿੰਘ ‘ਲੁਧਿਆਣਾ’ ਦੀ ਅਗਵਾਈ ‘ਚ 759 ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ। ਜਥੇ ਦੇ ਮੁਖੀ ਅਤੇ ਉਪ ਮੁਖੀ ਨੂੰ ਦਫਤਰ ਸ਼੍ਰੋਮਣੀ ਕਮੇਟੀ ਤੋਂ ਸ. ਦਲਮੇਘ ਸਿਘ, ਸ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸਿਰੋਪਾਓ ਅਤੇ ਫੁੱਲਾਂ ਦੇ ਸਿਹਰੇ ਪਾ ਕੇ ਜੈਕਾਰਿਆਂ ਦੀ ਗੂਜ ਵਿੱਚ ਰਵਾਨਾ ਕੀਤਾ ਗਿਆ।
ਜਥਾ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਦੇ ਕੁੱਲ 1028 ਯਾਤਰੂਆਂ ਦੀ ਸੂਚੀ ਕੇਂਦਰ ਅਤੇ ਪਾਕਿਸਤਾਨ ਸਫਾਰਤਖਾਨੇ ਨੂੰ ਵੀਜ਼ੇ ਜਾਰੀ ਕਰਨ ਲਈ ਭੇਜੀ ਗਈ ਸੀ ਜਿਸ ਵਿੱਚੋਂ 269 ਯਾਤਰੂਆਂ ਦੇ ਨਾਮ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਫਾਰਤਖਾਨੇ ਵੱਲੋਂ ਬਿਨਾਂ ਕਾਰਨ ਦੱਸੇ ਕੱਟ ਦਿੱਤੇ ਗਏ ਹਨ।ਸ਼ਰਧਾਲੂਆਂ ਦੇ ਕੱਟੇ ਗਏ ਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਏਨੇ ਜ਼ਿਆਦਾ ਨਾਮ ਕੱਟਣ ਦੀ ਬਜਾਏ ਭਾਰਤ ਸਰਕਾਰ ਅਤੇ ਪਾਕਿਸਤਾਨ ਦੇ ਸਫਾਰਤ ਖਾਨੇ ਨੂੰ ਸਿਸਟਮ ਠੀਕ ਕਰਨ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਤੇ ਉਹਨਾਂ ਦਾ ਜਨਮ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ‘ਚ ਹੋਣ ਕਰਕੇ ਸਿੱਖਾਂ ਦੀ ਭਾਵਨਾ ਸ੍ਰੀ ਨਨਕਾਣਾ ਸਾਹਿਬ ਨਾਲ ਜੁੜੀਆਂ ਹਨ ਤੇ ਜਦੋਂ ਕਿਸੇ ਯਾਤਰੂ ਦਾ ਨਾਮ ਬਿਨਾਂ ਵਜ੍ਹਾ ਕੱਟਿਆ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪੁੱਜਦੀ ਹੈ।ਜਥੇ ਵਿੱਚ ਜਾ ਰਹੇ ਯਾਤਰੂਆਂ ਦੀ ਸੁਰੱਖਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹਰੇਕ ਯਾਤਰੂ ਦੀ ਸੁਰੱਖਿਆ ਕਰਨੀ ਪਾਕਿਸਤਾਨ ਸਰਕਾਰ ਦੀ ਨੈਤਿਕ ਜਿੰਮੇਵਾਰੀ ਹੈ ਦੇ ਕੋਈ ਦੇਸ਼ ਇਹ ਨਹੀ ਚਾਹੁੰਦਾ ਕਿ ਕਿਸੇ ਯਾਤਰੂ ਦਾ ਨੁਕਸਾਨ ਹੋਵੇ।
ਜਥੇ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਂਦਿਆਂ ਜਥੇ ਦੇ ਮੁਖੀ ਸ. ਹਰਜਾਪ ਸਿੰਘ ਸੁਲਤਾਵਿੰਡ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਨੇ ਕਿਹਾ ਕਿ ਅੱਜ ਦੇਰ ਰਾਤ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਪਹੁਚੇਗਾ,5 ਨਵਬਰ ਨੂੰ ਜਥਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਨਾਲ-ਨਾਲ ਗੁਰਦੁਆਰਾ ਸੱਚਾ ਸੌਦਾ ਚੂਹੜਕਾਹਨਾ (ਸ਼ੇਖਪੁਰਾ) ਵਿਖੇ ਦਰਸ਼ਨ ਕਰਨ ਜਾਵੇਗਾ ਅਤੇ 6 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ, 7 ਨਵੰਬਰ ਨੂੰ ਇਹ ਜਥਾ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੋਵੇਗਾ ਜੋ 8 ਨਵਬਰ ਨੂੰ ਗੁਰਦੁਆਰਾ ਸ੍ਰੀ ਪਜਾ ਸਾਹਿਬ ਵਿਖੇ ਪਹੁਚੇਗਾ, 9 ਨਵਬਰ ਨੂੰ ਜਥਾ ਗੁਰਦੁਆਰਾ ਸ੍ਰੀ ਪਜਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਲਈ ਰਵਾਨਾ ਹੋਵੇਗਾ ‘ਤੇ ਇਥੋਂ ਹੀ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨ ਜਾਵੇਗਾ। ਪਾਕਿਸਤਾਨ ‘ਚ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਪਰਤ ਇਹ ਜਥਾ 13 ਨਵਬਰ ਨੂੰ ਵਾਪਸ ਦੇਸ਼ ਪਰਤੇਗਾ।
ਇਸ ਮੌਕੇ ਸ. ਦਿਲਜੀਤ ਸਿਘ ‘ਬੇਦੀ’, ਸ.ਹਰਭਜਨ ਸਿੰਘ ਮਨਾਵਾਂ ਤੇ ਸ. ਕੇਵਲ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੰਤੋਖ ਸਿੰਘ, ਸ. ਹਰਮਿੰਦਰ ਸਿੰਘ ਮੂਧਲ ਸ. ਸਕੱਤਰ ਸਿੰਘ ਤੇ ਸ. ਜਸਪਾਲ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿਦਰ ਸਿਘ ਰਮਦਾਸ ਇਚਾਰਜ ਪਬਲੀਸਿਟੀ ਵਿਭਾਗ, ਸ. ਸਤਨਾਮ ਸਿੰਘ ਸੁਪ੍ਰਿਟੈਂਡੈਂਟ, ਸ. ਕਰਮਬੀਰ ਸਿੰਘ ਤੇ ਸ. ਪਰਮਿੰਦਰ ਸਿੰਘ ਇੰਚਾਰਜ, ਸ. ਮਲਕੀਤ ਸਿਘ ਬਹਿੜਵਾਲ ਸਫ਼ਸੁਪ੍ਰਿਟੈਂਡੈਂਟ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜ਼ਰ ਪਬਲੀਸਿਟੀ ਵਿਭਾਗ, ਸ. ਜਤਿੰਦਰ ਸਿੰਘ ਵਧੀਕ ਮੈਨੇਜਰ, ਸ. ਅਰਵਿੰਦਰ ਸਿੰਘ ਸਾਸਨ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply