ਸਿਖਿਆ ਵਿਭਾਗ ਵਲੋਂ ਅਧਿਆਪਕਾਂ ਨੂੰ ਸਰਕਾਰੀ ਆਈ.ਟੀ ਸੈਲ ਵਜੋਂ ਵਰਤਣ ਦੀ ਨਿਖੇਧੀ
ਸੰਗਰੂਰ, 14 ਜੂਨ (ਜਗਸੀਰ ਲੌਂਗੋਵਾਲ) – ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ‘ਤੇ 18 ਜੂਨ ਨੂੰ ਸਿੱਖਿਆ ਸਕੱਤਰ ਦੇ ਦਫਤਰ ਦੇ ਕੀਤੇ ਜਾਣ ਵਾਲੇ ਘਿਰਾਓ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਸੰਗਰੂਰ ਇਕਾਈ ਵਲੋਂ ਜਿਲ੍ਹਾ ਮੀਤ ਪ੍ਰਧਾਨ ਵਿਕਰਮਜੀਤ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ।ਜਿਸ ਤਹਿਤ ਜ਼ਿਲ੍ਹਾ ਦੀਆਂ ਸਾਰੀਆਂ ਬਲਾਕ ਕਮੇਟੀਆਂ ਦੀਆਂ ਘਰ-ਘਰ ਜਾ ਕੇ ਅਧਿਆਪਕਾਂ ਨੂੰ ਲਾਮਬੰਦ ਕਰਨ ਦੀਆਂ ਡਿਊਟੀਆਂ ਲਗਾਈਆਂ ਗਈਆਂ।ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਸੁਬਾਈ ਬੁਲਾਰੇ ਹਰਦੀਪ ਟੋਡਰਪੁਰ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ।
ਇਸ ਸਬੰਧੀ ਡੀ.ਟੀ.ਐਫ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨ ਵਸ਼ਿਸ਼ਟ, ਸੂਬਾ ਕਮੇਟੀ ਮੈਂਬਰਾਂ ਸੁਖਵਿੰਦਰ ਗਿਰ ਅਤੇ ਮੇਘਰਾਜ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਿੱਖਿਆ ਸਕੱਤਰ ਵਲੋਂ ਨਕਲੀ ਅੰਕੜਿਆਂ ਦੇ ਪਰਦੇ ਹੇਠ ਝੂਠ ਦੇ ਪੁਲੰਦੇ `ਮਿਸ਼ਨ ਸ਼ਤ-ਪ੍ਰਤੀਸ਼ਤ` ਰਾਹੀਂ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਲਿਆਂਦੇ ਨਿਘਾਰ ਨੂੰ ਛੁਪਾ ਕੇ `ਸਭ ਅੱਛਾ ਹੈ` ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਿਛਲੇ ਸਮੇਂ ਵਿੱਚ ਸਕੂਲਾਂ ਵਿਚਲੀਆਂ ਅਸਾਮੀਆਂ ਦੀ ਰੈਸ਼ਨਲਾਈਜੇਸ਼ਨ ਦੇ ਨਾਂ ਹੇਠ ਵੱਡੀ ਪੱਧਰ `ਤੇ ਛਾਂਟੀ ਕੀਤੀ ਗਈ ਹੈ, ਉਥੇ ਸੇਵਾ ਮੁਕਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਮੁੜ ਲਿਆਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਵਾ ਸਾਲ ਤੋਂ ਝੂਠੇ ਅੰਕੜਿਆਂ ਰਾਹੀਂ ਆਨਲਾਇਨ ਸਿੱਖਿਆ ਦਾ ਡਰਾਮਾ ਕਰਕੇ ਸਿੱਖਿਆ ਦਾ ਮਿਆਰ ਤੇ ਗੁਣਵੱਤਾ ਨੂੰ ਜਾਣ ਬੁੱਝ ਕੇ ਰੋਲਿਆ ਗਿਆ ਹੈ।ਸਿੱਖਿਆ ਮਾਹਿਰਾਂ ਤੋਂ ਰਾਏ ਲੈਣ ਦੀ ਥਾਂ ਪ੍ਰਾਈਵੇਟ `ਖਾਨ ਅਕੈਡਮੀ` ਨੂੰ ਸਿੱਖਿਆ ਵਿਭਾਗ ਵਿੱਚ ਤਜ਼ੱਰਬੇ ਕਰਨ ਲਈ ਸੱਦਿਆ ਗਿਆ ਹੈ।ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਅਧਿਆਪਕਾਂ ਨੂੰ ਧੱਕੇ ਨਾਲ ਵਿਭਾਗ ਦੇ ਆਨਲਾਈਨ ਪੇਜ਼ ਨੂੰ ਪਸੰਦ, ਸ਼ੇਅਰ ਅਤੇ ਕੁੁਮੈਂਟ ਕਰਨ ਦੇ ਹੁਕਮ ਚਾੜ੍ਹੇ ਗਏ ਹਨ।ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਸਰਕਾਰੀ ਆਈ.ਟੀ.ਸੈਲ ਵਜੋਂ ਵਰਤਣ ਦੀ ਇਹ ਕੋਝੀ ਹਰਕਤ ਹੈ। ਡੀ.ਟੀ.ਐਫ ਨੇ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਮੂਕ ਦਰਸ਼ਕ ਬਣ ਕੇ ਸਰਕਾਰੀ ਸਿੱਖਿਆ ਦੇ ਘਾਣ ਨੂੰ ਹੱਲਾਸ਼ੇਰੀ ਦੇਣਾ ਮੰਦਭਾਗਾ ਹੈ।
ਇਸ ਮੌਕੇ ਦੀਨਾ ਨਾਥ, ਰਾਜ ਸਿੰਘ, ਮਨਜੀਤ ਸਿੰਘ, ਰਮਨ ਗੋਇਲ, ਕੰਵਲਜੀਤ ਸਿੰਘ ਬਨਭੌਰਾ ਆਦਿ ਵੀ ਮੌਜ਼ੂਦ ਸਨ।