ਰਾਸ਼ਟਰਪਤੀ ਰਾਮਨਾਥ ਕੋਵਿੰਦ ਕਿਸਾਨੀ ਮਾਮਲੇ ’ਚ ਤੁਰੰਤ ਦਖ਼ਲ ਦੇਣ – ਭਾਈ ਤੁੰਗ, ਪ੍ਰੋ: ਖਿਆਲਾ
ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠ ਦੀ ਚੱਲ ਰਹੀ ਲੜੀ ਦੌਰਾਨ ਅੱਜ ਦੋ ਸਹਿਜ ਪਾਠਾਂ ਦੇ ਭੋਗ ਉਪਰੰਤ ਸਰਬਤ ਦੇ ਭਲੇ, ਕਿਸਾਨ ਸੰਘਰਸ਼ ਦੀ ਕਾਮਯਾਬੀ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ।ਇਸ ਦੇ ਨਾਲ ਹੀ 7ਵੇਂ ਅਤੇ 8ਵੇਂ ਸਹਿਜ ਪਾਠਾਂ ਦੀ ਆਰੰਭਤਾ ਕੀਤੀ ਗਈ।
ਸਮਾਗਮ ਦੇ ਪ੍ਰਬੰਧਕ ਭਾਈ ਇਕਬਾਲ ਸਿੰਘ ਤੁੰਗ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਲਈ ਸਹਿਜ ਪਾਠਾਂ ਦੀ ਲੜੀ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਾਰਸੇਵਾ ਗੁ: ਚਮਰੰਗ ਰੋਡ ਵਲੋਂ ਸੰਤ ਸਮਾਜ ਅਤੇ ਸੰਗਤ ਦੇ ਸਹਿਯੋਗ ਨਾਲ ਪਿੰਡ ਮਾਨਾਵਾਲਾ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿਖੇ 8 ਜੂਨ ਤੋਂ ਨਿਰੰਤਰ ਚੱਲ ਰਹੀ ਹੈ।
ਸਹਿਜ ਪਾਠਾਂ ਦੀ ਲੜੀ ਦੌਰਾਨ ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਓ.ਐਸ.ਡੀ ਅਤੇ ਮਾਨਾਵਾਲਾ ਦੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਅਤੇ ਸੁਰਿੰਦਰ ਸਿੰਘ ਰੰਧਾਵਾ ਵਲੋਂ ਰਖਾਏ ਗਏ ਦੋ ਸਹਿਜ ਪਾਠਾਂ ਦੇ ਭੋਗ ਪਏ। ਜਿਸ ਉਪਰੰਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਰਬਜੀਤ ਸਿੰਘ ਵਡਾਲੀ ਡੋਗਰਾਂ ਦੀਆਂ ਸੰਗਤਾਂ ਵੱਲੋਂ ਦੋ ਹੋਰ ਸਹਿਜ ਪਾਠਾਂ ਦੀ ਅਰੰਭਤਾ ਕੀਤੀ ਗਈ।
ਇਸੇ ਦੌਰਾਨ ਭਾਈ ਤੁੰਗ ਅਤੇ ਪ੍ਰੋ: ਖਿਆਲਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਿਸਾਨੀ ਮਾਮਲੇ ’ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ, ਅਜਿਹੀ ਹਾਲਤ `ਚ ਸੰਵਿਧਾਨਕ ਪ੍ਰਣਾਲੀ ਦੇ ਮੁਖੀ ਵਜੋਂ ਤੁਹਾਡੀ ਸਭ ਤੋਂ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ।ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਰਾਜਪਾਲਾਂ ਰਾਹੀਂ ਰਾਸ਼ਟਰਪਤੀ ਦੇ ਨਾਂਅ ਰੋਸ ਪੱਤਰ ਦੇਣ ਲਈ ਕਿਸਾਨਾਂ ਨਾਲ ਸ਼ਾਮਲ ਹੋਣ ਵਾਲਿਆਂ ’ਚ ਆਮ ਲੋਕਾਂ ਦੀ ਬਹੁਗਿਣਤੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਹੁਣ ਕੇਂਦਰ ਦੇ ਅੜੀਅਲ ਰਵੱਈਏ ਖਿਲਾਫ਼ ਸਾਰਾ ਦੇਸ਼ ਕਿਸਾਨਾਂ ਨਾਲ ਖੜ੍ਹ ਗਿਆ ਹੈ।ਇਸ ਲਈ ਕੇਂਦਰੀ ਹਕੂਮਤ ਵਲੋਂ ਕਿਸਾਨਾਂ ਨੂੰ ਦਬਾਉਣ ਵਾਲੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।ਉਨ੍ਹਾਂ ਚੰਡੀਗੜ੍ਹ ’ਚ ਸ਼ਾਂਤਮਈ ਮਾਰਚ ਕੱਢ ਰਹੇ ਕਿਸਾਨਾਂ ’ਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਛੱਡਣ ਦੀ ਨਿਖੇਧੀ ਕੀਤੀ।ਉਨਾਂ ਪਿਛਲੇ 7 ਮਹੀਨਿਆਂ ਤੋਂ ਕਿਸਾਨੀ ਅੰਦੋਲਨ `ਚ ਜਾਨ ਗਵਾ ਚੁੱਕੇ 500 ਤੋਂ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਮਾਨਾਵਾਲਾ, ਸੁਰਿੰਦਰ ਸਿੰਘ ਰੰਧਾਵਾ, ਸਰਪੰਚ ਬਲਬੀਰ ਸਿੰਘ ਵਡਾਲੀ ਡੋਗਰਾਂ, ਭਾਈ ਸਤਨਾਮ ਸਿੰਘ ਅਕਾਲੀ, ਅਜੀਤ ਸਿੰਘ ਤਲਵੰਡੀ ਡੋਗਰਾਂ, ਬਲਵਿੰਦਰ ਸਿੰਘ ਵਡਾਲੀ, ਜਸਵਿੰਦਰ ਸਿੰਘ ਰਾਜਾਸਾਂਸੀ, ਗੁਰਬੀਰ ਸਿੰਘ ਲੁਹਾਰਕਾ, ਡਾ: ਚਰਨਜੀਤ ਸਿੰਘ ਬੰਡਾਲਾ, ਪ੍ਰੋ: ਸਰਦੂਲ ਸਿੰਘ, ਕੁਲਜੀਤ ਸਿੰਘ , ਜੈਪਾਲ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ, ਡਾ: ਬਲਜੀਤ ਸਿੰਘ, ਅਰਪਿੰਦਰ ਸਿੰਘ, ਇਕਬਾਲ ਸਿੰਘ ਵਡਾਲੀ, ਅਤੇ ਬਿਕਰਮਜੀਤ ਸਿੰਘ ਵੀ ਮੌਜ਼ੂਦ ਸਨ।