ਲਸੂੜਾ ਪਿੱਪਲ ਤੂਤ ਨਾ ਛੱਡਿਆ ਲੱਕੜਹਾਰੇ ਨੇ।
ਪਿਲਕਣ ਸਿੰਬਲ ਹਿੰਜ਼ਣ ਵੱਢਿਆ ਤਿੱਖੇ ਆਰੇ ਨੇ।
ਕੰਡਿਆਂ ਕਰਕੇ ਰੁੱਖ ਗੇਰਤਾ ਤੂੰ ਓਏ ਬੇਰੀ ਦਾ।
ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ।
ਭਰੇਂਗਾ ਤੂੰ ਹਰਜ਼ਾਨਾ ਇੱਕ ਦਿਨ ਗ਼ਲਤੀ ਤੇਰੀ ਦਾ।
ਯਾਦ ਕਰੇਂਗਾ ਇਮਲੀ ਮਹਿੰਦੀ ਜੰਡ ਕਰੀਰਾਂ ਨੂੰ
ਜਦ ਆਕਸੀਜਨ ਨਾ ਮਿਲੀ ਇਹਨਾਂ ਸੋਹਲ ਸਰੀਰਾਂ ਨੂੰ।
ਟੁੱਟ ਜਾਊ ਘਮੰਡ `ਤੇਰਾ ਕੁਦਰਤ ਦੇ ਵੈਰੀ ਦਾ।
ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ।
ਭਰੇਂਗਾ ਤੂੰ ਹਰਜ਼ਾਨਾ ਇੱਕ ਦਿਨ ਗ਼ਲਤੀ ਤੇਰੀ ਦਾ।
ਰੀਠਾ ਢੇਉ ਹਰੜ ਰਹੂੜਾ ਦੁਸ਼ਮਣ ਰੁੱਖਾਂ ਦਾ।
ਅਪਣੇ ਹੱਥੀਂ ਘਾਣ ਤੂੰ ਕਰ ਲਿਆ ਅਪਣੇ ਸੁੱਖਾਂ ਦਾ।
ਪਾਣੀ `ਬਿਨ ਅੰਬ ਆਉਲਾ ਸੁੱਕ ਜੂ ਲਾਇਆ ਸ਼ਹਿਰੀ ਦਾ।
ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ।
ਭਰੇਂਗਾ ਤੂੰ ਹਰਜਾਨਾ ਇੱਕ ਦਿਨ ਗ਼ਲਤੀ ਤੇਰੀ ਦਾ।
ਜਾਮਣ ਅਰਜਨ ਬਿੱਲ ਵੀ ਤੈਨੂੰ ਚੇਤੇ ਆਵਣਗੇ।
ਚੜ੍ਹ ਚੜ੍ਹ ਕੇ ਜਦ ਅੰਧੀ ਝੱਖੜ ਰੇਤੇ ਆਵਣਗੇ।
ਭੁਗਤੇਂਗਾ ਤੂੰ ਡੰਡ ਰੁੱਖਾਂ ਨਾਲ਼ ਹੇਰਾਫੇਰੀ ਦਾ।
ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ।
ਭਰੇਂਗਾ ਤੂੰ ਹਰਜ਼ਾਨਾ ਇੱਕ ਦਿਨ ਗ਼ਲਤੀ ਤੇਰੀ ਦਾ।
ਕਿੱਕਰ ਬੋਹੜ ਨੀਂਮ ਸੁਹਾਜਣਾਂ ਲਾਈ ਟਾਹਲੀ ਨਾ।
ਢੱਕ ਕਰੌਂਦਾ ਫਰਮਾਂਹ ਦਾ ਤੂੰ ਬਣਿਆ ਮਾਲੀ ਨਾ।
ਝੋਨਾ ਪਾਣੀ ਖ਼ਾਜੁ ਰਹਿਣਾ ਡਰ ਹਨੇਰੀ ਦਾ।
ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ।
ਭਰੇਂਗਾ ਤੂੰ ਹਰਜਾਨਾ ਇੱਕ ਦਿਨ ਗਲਤੀ ਤੇਰੀ ਦਾ।
ਹੰਸਾਲੇ ਵਾਲਿਆ ਧਰਤੀ ਫ਼ਿਰਦਾ ਬੰਜ਼ਰ ਕਰਦਾ ਓਏ।
ਧੰਨਿਆਂ ਧਾਲੀਵਾਲਾ ਕਿਉਂ ਨਾ ਉਸ ਤੋਂ ਡਰਦਾ ਓਏ।
ਪੰਜ ਤੱਤਾਂ ਦਾ ਪੁਤਲਾ ਤੂੰ ਮਿੱਟੀ ਦੀ ਢੇਰੀ ਦਾ।
ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ।
ਭਰੇਂਗਾ ਤੂੰ ਹਰਜਾਨਾ ਇੱਕ ਦਿਨ ਗਲਤੀ ਤੇਰੀ ਦਾ।25072021
ਧੰਨਾ ਧਾਲੀਵਾਲ
ਮੋ -9878235714