Thursday, November 21, 2024

ਸਤਲੁਜ ਦਰਿਆ ਅਤੇ ਨਾਲ ਲੱਗਦੇ ਬੇਟ ਦੇ ਪਿੰਡਾਂ ‘ਚ ਠੀਕਰੀ ਪਹਿਰਾ ਲਗਾਉਣ ਦੇ ਹੁਕਮ

ਨਵਾਂਸ਼ਹਿਰ, 24 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਚਾਇਤਾਂ ਨੂੰ ਪੰਜਾਬ ਵਿਲੇਜ ਅਤੇ ਸਮਾਲ ਟਾਊਨ ਪੈਟਰੋਲ ਐਕਟ 1918 ਦੀ ਧਾਰਾ 3 ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਪੈਂਦੇ ਸਤਲੁਜ ਦਰਿਆ ਅਤੇ ਇਸਦੇ ਨਾਲ ਲੱਗਦੇ ਬੇਟ ਦੇ ਪਿੰਡਾਂ ਵਿਚ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਬੇਟ ਦੇ ਪਿੰਡਾਂ ਦੀਆਂ ਸਬੰਧਤ ਪੰਚਾਇਤਾਂ ਰਾਹੀਂ ਇਹ ਹੁਕਮ ਲਾਗੂ ਕਰਵਾਉਣ ਦੇ ਜਿੰਮੇਵਾਰ ਹੋਣਗੇ।ਇਸੇ ਤਰ੍ਹਾਂ ਸਤਲੁਜ ਦਰਿਆ ਨਾਲ ਲੱਗਦੇ ਬੇਟ ਏਰੀਏ ਦੇ ਪਿੰਡਾਂ ਨਾਲ ਸਬੰਧਤ ਪਟਵਾਰੀ/ਕਾਨੂੰਗੋ ਸਤਲੁਜ ਦਰਿਆ ਦੀ ਸਥਿਤੀ ਬਾਰੇ ਰੋਜ਼ਾਨਾ ਇਕ ਰਿਪੋਰਟ ਸਬੰਧਤ ਤਹਿਸੀਲਦਾਰ ਨੂੰ ਭੇਜਣਗੇ ਅਤੇ ਤਹਿਸੀਲਦਾਰ ਆਪਣੀ ਰਿਪੋਰਟ ਡੀ.ਸੀ ਦਫ਼ਤਰ (ਡੀ.ਆਰ.ਏ ਸ਼ਾਖਾ) ਨੂੰ ਰੋਜ਼ਾਨਾ ਭੇਜਣ ਦੇ ਪਾਬੰਦ ਹੋਣਗੇ।ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਡਰੇਨੇਜ, ਰੇਂਜ ਜਲੰਧਰ ਅਤੇ ਹੁਸ਼ਿਆਰਪੁਰ ਆਪਣੇ ਅਧੀਨ ਲੱਗਦੇ ਸਤਲੁਜ ਦਰਿਆ ਦੇ ਪਾਣੀ ਦੀ ਸਥਿਤੀ/ਲੈਵਲ ਬਾਰੇ ਰੋਜ਼ਾਨਾ ਰਿਪੋਰਟ ਡੀ. ਸੀ ਦਫ਼ਤਰ ਨੂੰ ਭੇਜਣ ਦੇ ਜਿੰਮੇਵਾਰ ਹੋਣਗੇ।ਇਹ ਹੁਕਮ 30 ਸਤੰਬਰ 2021 ਤੱਕ ਲਾਗੁ ਰਹਿਣਗੇ।
                    ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਿਵੇਂ ਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਮੌਸਮ ਵਿਚ ਸਤਲੁਜ ਵਿਚ ਅਤੇ ਨਹਿਰਾਂ/ਨਾਲਿਆਂ ਵਿਚ ਪਾਣੀ ਚੜ੍ਹ ਜਾਂਦਾ ਹੈ ਅਤੇ ਵਹਾਓ ਤੇਜ਼ ਹੋ ਜਾਂਦਾ ਹੈ।ਇਸ ਤਰ੍ਹਾਂ ਦਰਿਆ ਅਤੇ ਨਹਿਰਾਂ ਆਦਿ ਦੇ ਬੰਨ੍ਹ ਟੁੱਟਣ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ।ਕੁੱਝ ਸ਼ਰਾਰਤੀ ਲੋਕ ਵੀ ਬੰਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਰਹਿੰਦੇ ਹਨ ਅਤੇ ਕੁਝ ਲੋਕ ਬਰਸਾਤ ਦੇ ਸੀਜ਼ਨ ਦੌਰਾਨ ਵੀ ਦਰਿਆ ਸਤਲੁਜ ਵਿਚੋਂ ਟਰਾਲੀਆਂ/ਟਰੱਕਾਂ ਰਾਹੀਂ ਰੇਤਾ ਕੱਢਣ ਤੋਂ ਨਹੀਂ ਹਟਦੇ। ਵਾਰ-ਵਾਰ ਟਰਾਲੀਆਂ/ਟਰੱਕਾਂ ਦੇ ਬੰਨ੍ਹ ਦੇ ਉਪਰੋਂ ਆਉਣ-ਜਾਣ ਨਾਲ ਬੰਨ੍ਹ ਦੇ ਕਮਜ਼ੋਰ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਟਰਾਲੀ/ਟਰੱਕ ਨਾਲ ਕੋਈ ਹਾਦਸਾ ਵੀ ਹੋ ਸਕਦਾ ਹੈ। ਕੋਈ ਘਟਨਾ ਨਾ ਵਾਪਰੇ, ਇਸ ਲਈ ਬਰਸਾਤ ਦੇ ਸੀਜ਼ਨ ਦੌਰਾਨ ਦਰਿਆ ਸਤਲੁਜ ਅਤੇ ਉਸ ਦੀ ਹਦੂਦ ਅੰਦਰ ਠੀਕਰੀ ਪਹਿਰਾ ਲਗਾਉਣਾ ਜ਼ਰੂਰੀ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …