Monday, February 17, 2025

ਪੁਲਿਸ ਸਾਂਝ ਕੇਂਦਰਾਂ ਦੇ ਸੁਧਾਰ ਬਾਰੇ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ

PPN1011201413
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਪੁਲਿਸ ਵੱਲੋਂ ਚਲਾਏ ਜਾ ਰਹੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਬਾਰੇ ਲੋਕ ਰੈਅ ਲੈਣ ਲਈ ਜ਼ਿਲ੍ਹਾ ਪੁਲਿਸ ਮੁਖੀ ਜਸਦੀਪ ਸਿੰਘ ਦੀਆਂ ਹਦਾਇਤਾਂ ‘ਤੇ ਸਾਂਝ ਕੇਂਦਰਾਂ ਲਈ ਬਣਾਈ ਗਈ ਸਲਾਹਕਾਰ ਕਮੇਟੀ ਦੀ ਮੀਟਿੰਗ ਦੁਬਰਜੀ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਐਸ ਪੀ ਹੈਡਕੁਆਰਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੇਵਾ ਅਧਿਕਾਰ ਕਾਨੂੰਨ ਤਹਿਤ 27 ਸੇਵਾਵਾਂ ਸਾਰੇ ਸਾਂਝ ਕੇਂਦਰਾਂ ‘ਤੇ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪੁਲਿਸ ਦੇ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ ਤੋਂ ਇਲਾਵਾ 6 ਕੇਂਦਰ ਸਬ ਡਵੀਜਨ ਪੱਧਰ ‘ਤੇ ਅਤੇ 5 ਆਊਟ ਰੀਚ ਕੇਂਦਰ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਪੁਲਿਸ ਵੱਲੋਂ ਉਕਤ 27 ਸੇਵਾਵਾਂ ਦਾ ਨਿਪਟਾਰਾ ਲਗਭਗ ਮਿੱਥੇ ਸਮੇਂ ਵਿਚ ਹੋ ਰਿਹਾ ਹੈ, ਪਰ ਇਨਾਂ ਵਿਚ ਹੋਰ ਸੁਧਾਰ ਦੀ ਗੁੰਜਾਇਸ਼ ਨੂੰ ਵੇਖਦੇ ਹੋਏ ਪੁਲਿਸ ਮੁਖੀ ਦੀਆਂ ਹਦਾਇਤਾਂ ‘ਤੇ ਇਹ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਤਾਂ ਕਿ ਇਸ ਨਾਲ ਜਿੱਥੋ ਸਾਂਝ ਕੇਂਦਰਾਂ ਬਾਰੇ ਪ੍ਰਚਾਰ ਹੋ ਸਕੇਗਾ, ਉਥੇ ਇਨਾਂ ਕੇਂਦਰਾਂ ਦੇ ਕੰਮ ਬਾਰੇ ਲੋਕਾਂ ਕੋਲੋਂ ਫੀਡ ਬੈਕ ਲੈ ਕੇ ਇਸ ਵਿਚ ਸੁਧਾਰ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਪੁਲਿਸ ਨੇ ਲੋਕਾਂ ਨਾਲ ਸਾਂਝ ਪਾਉਣ ਲਈ ਇੰਨਾਂ ਕੇਂਦਰਾਂ ਵਿਚ ਤਾਂ ਪੁਲਿਸ ਕਰਮਚਾਰੀ ਵੀ ਸਿਵਲ ਯੂਨੀਫਾਰਮ ਵਿਚ ਤਾਇਨਾਤ ਕੀਤੇ ਹਨ, ਤਾਂ ਕਿ ਕੋਈ ਇੱਥੇ ਆਉਣ ਤੋਂ ਹਿਚਕਚਾਏ ਨਾ, ਪਰ ਫਿਰ ਵੀ ਇੰਨਾਂ ਕੇਂਦਰਾਂ ਦੀ ਅਹੀਮੀਅਤ ਬਾਰੇ ਪ੍ਰਚਾਰ ਘੱਟ ਹੋਣ ਕਾਰਨ ਆਮ ਲੋਕ ਇੰਨਾਂ ਦੀਆਂ ਸੇਵਾਵਾਂ ਤੋਂ ਅਨਜਾਣ ਹਨ। ਉਨਾਂ ਦੱਸਿਆ ਕਿ ਪੁਲਿਸ ਨੇ ਹੁਣ ਇਸ ਪਸਾਰ ਦੀ ਘਾਟ ਪੂਰੀ ਕਰਨ ਲਈ ਪਿੰਡਾਂ ਦੇ ਸਕੂਲਾਂ ਤੇ ਕਾਲਜਾਂ ਵਿਚ ਸੈਮੀਨਾਰ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ।
ਇਸ ਮੌਕੇ ਹਾਜ਼ਰ ਸਲਾਹਕਾਰ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਇੰਨਾਂ ਕੇਂਦਰਾਂ ਵਿਚ ਜੋ ਘਰੇਲੂ ਵਿਵਾਦ ਦੇ ਕੇਸ ਹੱਲ ਕੀਤੇ ਜਾਂਦੇ ਹਨ, ਉਸ ਦੇ ਬੜੇ ਵਧੀਆ ਨਤੀਜੇ ਮਿਲੇ ਹਨ ਅਤੇ ਇੰਨਾਂ ਕੇਂਦਰਾਂ ਦੀ ਸਹੀ ਪਹੁੰਚ ਹੋਣ ਕਾਰਨ ਕਈ ਘਰ ਟੁੱਟਣ ਤੋਂ ਬਚੇ ਹਨ। ਮੈਂਬਰਾਂ ਨੇ ਇੰਨਾਂ ਸੇਵਾਵਾਂ ਦੇ ਪ੍ਰਚਾਰ ਲਈ ਪਿੰਡਾਂ ਦੇ ਗੁਰਦੁਆਰਿਆਂ ਅਤੇ ਹੋਰ ਸਾਂਝੇ ਸਥਾਨਾਂ ‘ਤੇ ਜਾਣਕਾਰੀ ਬੋਰਡ ਲਗਾਉਣ ਦੀ ਸਲਾਹ ਦਿੱਤੀ, ਜਿਸ ਨੂੰ ਪ੍ਰਵਾਨ ਕਰਦੇ ਐਸ ਪੀ ਹੈਡਕੁਆਰਟਰ ਨੇ ਕਿਹਾ ਕਿ ਛੇਤੀ ਹੀ ਜਿਲ੍ਹਾ ਪੁਲਿਸ ਮੁਖੀ ਦੀ ਸਲਾਹ ਨਾਲ ਇਹ ਕੰਮ ਵੀ ਕਰ ਲਿਆ ਜਾਵੇਗਾ। ਉਨਾਂ ਲੋਕਾਂ ਨੂੰ ਨਸ਼ਾ ਮੁਕਤੀ ਮੁਹਿੰਮ ਵਿਚ ਪੁਲਿਸ ਦਾ ਸਾਥ ਦੇਣ ਦੀ ਅਪੀਲ ਕਰਦੇ ਕਿਹਾ ਕਿ ਜੋ ਵੀ ਨਸ਼ਾ ਤਸਕਰ ਇਸ ਕਾਰੋਬਾਰ ਵਿਚ ਸ਼ਾਮਿਲ ਹੈ, ਤੁਸੀਂ ਉਸ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਝਿਜਕੋ ਨਾ। ਇਸ ਮੌਕੋ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਹਰੇਕ ਸਾਂਝ ਕੇਂਦਰ ਨਾਲ ਸਬੰਧਤ ਮੈਂਬਰ ਸਾਹਿਬਾਨ ਪਹੁੰਚੇ ਅਤੇ ਉਨਾਂ ਜ਼ਰੂਰੀ ਸੁਝਾਅ ਇੰਨਾਂ ਸਾਂਝ ਕੇਂਦਰ ਦੇ ਪ੍ਰਚਾਰ-ਪਸਾਰ ਲਈ ਦਿੱਤੇ।

Check Also

ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …

Leave a Reply