ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫਸਰ ਡਾ. ਕੁਲਜੀਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ ਅਤੇ ਖੇਤੀਬਾੜੀ ਅਫਸਰ ਡਾ. ਮਨਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਚੋਗਾਵਾ ਵਿਖੇ ਜੈਵਿਕ ਹਲਦੀ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਮਾਸਟਰ ਕਰਮਜੀਤ ਸਿੰਘ (ਮਾਝਾ ਹਲਦੀ) ਦੇ ਖੇਤਾਂ ਨੇੜੇ ਕਿਸਾਨ ਸਕੂਲ ਲਗਾਇਆ ਅਤੇ ਆਏ ਕਿਸਾਨਾਂ ਨੂੰ ਮਾਹਿਰਾਂ ਨੇ ਆਰਗੈਨਿਕ ਹਲਦੀ ਦੀ ਪੈਦਾਵਾਰ ਲਈ ਟਰੇਨਿੰਗ ਦਿੱਤੀ।
ਖੇਤੀਬਾੜੀ ਵਿਕਾਸ ਅਫਸਰ ਤਰਸਿੱਕਾ ਸਤਵਿੰਦਰਬੀਰ ਸਿੰਘ ਨੇ ਦੱਸਿਆ ਕਿ ਹਲਦੀ ਸਾਡੀ ਰਸੋਈ ਦੀ ਸਭ ਤੋਂ ਮਹੱਤਵਪੂਰਣ ਮਸਾਲਾ ਅਤੇ ਔਸ਼ਧੀ ਹੈ ਅਤੇ ਵਿਸ਼ਵ ਵਿੱਚ ਇਸ ਨੂੰ ਭਾਰਤੀ ਕੇਸਰ ਵੀ ਕਿਹਾ ਜਾਂਦਾ ਹੈ।ਉਹਨਾਂ ਨੇ ਕਿਸਾਨਾਂ ਨੂੰ ਜੈਵਿਕ ਹਲਦੀ ਦੀ ਕਾਸ਼ਤ ਦੌਰਾਨ ਖਾਦ ਆਦਿ ਤੱਤਾਂ ਦੀ ਪੂਰਤੀ ਕੁਦਰਤੀ ਤਰੀਕੇ ਨਾਲ ਕਰਨ ਲਈ ਜੈਵਿਕ ਖਾਦ ਬਣਾਉਣ ਦੇ ਢੰਗ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ।ਫਸਲਾਂ ਨੂੰ ਕੀੜਿਆਂ ਦੇ ਹਮਲੇ ਤੋਂ ਜੈਵਿਕ ਤਰੀਕੇ ਨਾਲ ਬਚਾਉਣ ਲਈ ਫੀਰੋਮਨਿ ਟਰੈਪ, ਸਟਿੱਕੀ ਟਰੈਪ, ਨਿੰਮ ਦੇ ਘੋਲ, ਪੀ.ਐਸ.ਬੀ ਬੈਕਟੀਰੀਆ ਆਦਿ ਦੀ ਵਰਤੋ ਬਾਰੇ ਬਹੁਤ ਸੁਚੱਜੇ ਢੰਗ ਨਾਲ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਅਤੇ ਅਪੀਲ ਕੀਤੀ ਕਿ ਕੈਮੀਕਲ ਸਪਰੇਆਂ ਦਾ ਖਹਿੜਾ ਛੱਡ ਕੇ ਜੈਵਿਕ ਢੰਗ ਤਰੀਕੇ ਅਪਣਾਏ ਜਾਣ।
ਏ.ਡੀ.ਓ ਹਰਉਪਿੰਦਰਜੀਤ ਸਿੰਘ ਨੇ ਜੈਵਿਕ ਖੇਤੀ ਦੀ ਸਭ ਤੋਂ ਮਹੱਤਵਪੂਰਣ ਕੜੀ ਗੰਡੋਆ ਖਾਦ ਨੂੰ ਬਣਾਉਣ ਅਤੇ ਇਸ ਦੇ ਜੈਵਿਕ ਖੇਤੀ ਵਿਚ ਮਹੱਤਤਾ ਬਾਰੇ ਦੱਸਿਆ।ਜੋ ਕਿਸਾਨ ਦਾ ਸਭ ਤੋਂ ਪੁਰਾਣਾ ਅਤੇ ਸੱਚਾ ਮਿੱਤਰ ਹੈ।ਇਹ ਬਿਨਾਂ ਕਿਸੇ ਸਵਾਰਥ ਦੇ ਕਿਸਾਨ ਲਈ ਮਿੱਟੀ ਵਿਚ ਦਿਨ ਰਾਤ ਮਿਹਨਤ ਕਰਦਾ ਹੈ।
ਖੇਤੀਬਾੜੀ ਮਾਹਿਰ ਏ.ਡੀ.ਓ ਰਛਪਾਲ ਸਿੰਘ ਨੇ ਕੁਦਰਤੀ ਖੇਤੀ ਦੀ ਜੀਵਨ ਵਿੱਚ ਮਹੱਤਤਾ ਦੱਸੀ ਅਤੇ ਬਾਬੇ ਨਾਨਕ ਦੀ ਖੇਤੀ ਨੁੰ ਅਪਣਾਉਣ ਦਾ ਹੋਕਾ ਦਿੱਤਾ।ਡੀ.ਪੀ.ਡੀ ਆਤਮਾ ਹਰਨੇਕ ਸਿੰਘ ਨੇ ਖੇਤੀਬਾੜੀ ਵਿਭਾਗ ਵਲੋਂ ਆਤਮਾ ਲਈ ਚਲਾਈਆ ਜਾਂਦੀਆਂ ਵੱਖ-ਵੱਖ ਸਕੀਮਾਂ ਬਾਰੇ ਅਤੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਟਰੇਨਿੰਗਾਂ ਬਾਰੇ ਜਾਣਕਾਰੀ ਦਿੱਤੀ।ਕਿਸਾਨ ਕਰਮਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਲਦੀ ਦੀ ਪੈਦਾਵਾਰ ਸੰਬੰਧੀ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ।
ਖੇਤੀਬਾੜੀ ਵਿਭਾਗ ਵਲੋਂ ਹਜ਼ੂਰ ਸਿੰਘ ਏ.ਈ.ਓ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਘਰੇਲੂ ਬਗੀਚੀ ਲਈ ਸਬਜ਼ੀਆਂ ਦੇ ਬੀਜ਼ ਕਿੱਟਾਂ ਦੀ ਵੰਡ ਕੀਤੀ।
ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਯੁਵਰਾਜ਼ ਸਿੰਘ, ਕਸ਼ਮੀਰ ਸਿੰਘ, ਗੁਰਜੀਤ ਸਿੰਘ (ਸਾਰੇ ਏ.ਐਸ.ਆਈ), ਬਲਜਿੰਦਰ ਸਿੰਘ ਬੀ.ਟੀ ਐਮ, ਜਸਬੀਰ ਸਿੰਘ ਏ.ਟੀ ਐਮ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …