ਕੰਢੀ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਬੱਲੋਵਾਲ ਸੌਂਖੜੀ ਵਿਖੇ ਰੱਖਿਆ ਪੀ.ਏ.ਯੂ ਦੇ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ
ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ), 13 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਕਿਸਾਨਾਂ ਨੂੰ ਧੋਖਾ ਦੇਣ ਲਈ ਬਾਦਲ ਪਰਿਵਾਰ ’ਤੇ ਤਿੱਖਾ ਹਮਲੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਅਕਾਲੀ ਦਲ ਦੀ ਮਰਜ਼ੀ ਨਾਲ ਹੀ ਅਮਲ ਵਿੱਚ ਲਿਆਂਦੇ ਗਏ ਸੀ ਅਤੇ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਹੁੰਦਿਆਂ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਪਰ ਜਦੋਂ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਅਕਾਲੀ ਦਲ ਨੇ ਸੁਰ ਬਦਲ ਲਈ।
ਕਾਂਗਰਸ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਦਾ ਪਹਿਲੇ ਹੀ ਦਿਨ ਤੋਂ ਇਨ੍ਹਾਂ ਦਾ ਵਿਰੋਧ ਕਰਨ ਵਾਲੀ ਪਾਰਟੀ ਦੱਸਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾ ਸਰਵ ਪਾਰਟੀ ਮੀਟਿੰਗ ਸੱਦੀ ਅਤੇ ਉਸ ਤੋਂ ਪਿੱਛੋਂ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ।ਇਸ ਮਗਰੋਂ ਸੂਬਾ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਦਨ ਸੱਦ ਕੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਬਿੱਲ ਪਾਸ ਕੀਤੇ।
ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1950 ਤੋਂ ਲੈ ਕੇ ਹੁਣ ਤੱਕ 127 ਵਾਰ ਸੰਵਿਧਾਨ ਵਿੱਚ ਸੋਧ ਕੀਤੀ ਜਾ ਚੁੱਕੀ ਹੈ।ਉਨ੍ਹਾਂ ਅੱਗੇ ਕਿਹਾ, ‘‘ਤਾਂ ਫੇਰ ਕਿਉ ਨਹੀਂ, ਇਕ ਵਾਰ ਹੋਰ ਸੋਧ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਖੇਤੀ ਕਾਨੂੰਨ ਰੱਦ ਕੀਤੇ ਜਾਣ ਜੋ ਕਿਸਾਨ ਸਿੰਘੂ ਅਤੇ ਟਿਕਰੀ ਸਰਹੱਦਾਂ ਉਤੇ ਧਰਨਾ ਦੇ ਰਹੇ ਹਨ।’’ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਕਿਸਾਨ ਪਰਿਵਾਰ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਪ੍ਰਦਾਨ ਕਰ ਰਹੀ ਹੈ।
ਮੁੱਖ ਮੰਤਰੀ ਨੇ ਇਹ ਗੱਲ ਅੱਜ ਬੱਲੋਵਾਲ ਸੌਂਖੜੀ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਇਸ ਮੌਕੇ ਉਨ੍ਹਾਂ ਇਸ ਕਾਲਜ ਦੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵੀ ਕੀਤੀ ਜਿਸ ਤਹਿਤ 1 ਅਕਤੂਬਰ, 2021 ਤੋਂ ਜਮਾਤਾਂ ਸ਼ੁਰੂ ਹੋਣਗੀਆਂ। ਬੀਐਸ.ਸੀ. (ਖੇਤੀਬਾੜੀ) ਵਿੱਚ 60 ਸੀਟਾਂ ਭਰੀਆਂ ਗਈਆਂ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੈਂਪਸ ਤੋਂ ਬਾਹਰ ਖੇਤੀਬਾੜੀ ਦਾ ਕੋਈ ਕਾਲਜ ਸਥਾਪਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਕੰਢੀ ਖੇਤਰ ਵਿੱਚ ਖੇਤੀਬਾੜੀ ਵਿਕਸਤ ਹੋਵੇਗੀ ਅਤੇ ਇਸ ਖੇਤਰ ਦੀਆਂ ਫਸਲਾਂ ਅਤੇ ਉਨ੍ਹਾਂ ਸਬੰਧੀ ਸਮੱਸਿਆਵਾਂ ਉਤੇ ਖੋਜ ਕਰਨ ਤੋਂ ਇਲਾਵਾ ਇਥੋਂ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਮਿਲੇਗੀ।ਕਾਲਜ ਵਿੱਚ ਇਸ ਪੱਖੋਂ ਵੀ ਖੋਜ ਕਾਰਜ਼ ਕੀਤੇ ਜਾਣਗੇ ਕਿ ਜ਼ਮੀਨ ਦੀ ਘਾਟ ਅਤੇ ਖੇਤਰ ਵਿੱਚ ਪਾਣੀ ਦੀ ਕਮੀ ਨੂੰ ਦੇਖਦਿਆਂ ਕਿਵੇਂ ਪਾਣੀ ਦੇ ਸੀਮਤ ਵਸੀਲਿਆਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਜ਼ਿਆਦਾ ਪੈਦਾਵਾਰ ਹਾਸਲ ਕੀਤੀ ਜਾਵੇ।
ਨਵਾਂਸ਼ਹਿਰ ਵਿਖੇ ਇਕ ਬਾਗਬਾਨੀ ਖੋਜ ਕੇਂਦਰ ਦੀ ਸਥਾਪਨਾ ਦਾ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਵਿਭਿੰਨਤਾ ਪੱਖੋਂ ਸੇਬ ਦੀ ਫਸਲ ਉਤੇ ਵੀ ਖੋਜ ਕੀਤੇ ਜਾਣ ਉਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਹੁਣ ਛੋਟੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਆਪਣੇ ਖੇਤਾਂ ਦੁਆਲੇ ਕੀਤੀ ਜਾਂਦੀ ਤਾਰਬੰਦੀ ਲਈ ਸਬਸਿਡੀ ਦੀ ਰਾਸ਼ੀ 60 ਫੀਸਦੀ ਤੋਂ ਵਧਾ ਕੇ 90 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਪੰਜ ਬਾਗਬਾਨੀ ਅਸਟੇਟ ਵੀ ਸਥਾਪਤ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਮੱਦਦ ਮਿਲ ਸਕੇ।
ਸੂਬਾ ਸਰਕਾਰ ਵੱਲੋਂ ਮੰਡੀਆਂ ਦੇ ਬੁਨਿਆਦੀ ਢਾਂਚੇ ਅਤੇ ਪ੍ਰੋਸੈਸਿੰਗ ਸੁਵਿਧਾਵਾਂ ਨੂੰ ਹੋਰ ਸੁਧਾਰਨ ਲਈ ਦੋ ਨਵੇਂ ਮੈਗਾ ਫੂਡ ਪਾਰਕ ਸਥਾਪਤ ਕੀਤੇ ਗਏ ਅਤੇ ਇਸ ਤੋਂ ਇਲਾਵਾ ਖੇਤੀਬਾੜੀ ਮੰਡੀਕਰਨ ਨਵਾਂ ਉਦਮ, ਖੋਜ ਅਤੇ ਚੌਕਸੀ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਉਤਪਾਦਨ ਵਿੱਚ ਮੱਦਦ ਮਿਲ ਸਕੇ ਅਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੰਗ ਅਤੇ ਕੀਮਤਾਂ ਨੂੰ ਵੇਖਦੇ ਹੋਏ ਬਜ਼ਾਰੀ ਯੋਜਨਾਬੰਦੀ ਦੀ ਵਿਉਤ ਬਣਾਈ ਜਾ ਸਕੇ।
ਹੋਰ ਮਾਮਲਿਆਂ ਬਾਰੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਸੂਬਾ ਸਰਕਾਰ ਦੀਆਂ ਨਿਵੇਸ਼ਕਾਂ ਅਤੇ ਉਦਯੋਗ ਪੱਖੀ ਨੀਤੀਆਂ ਕਾਰਨ ਸੂਬੇ ਵਿੱਚ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਦੋਂ ਕਿ ਨੌਜਵਾਨਾਂ ਨੂੰ 20 ਲੱਖ ਨੌਕਰੀਆਂ ਹਾਸਲ ਹੋਈਆਂ ਹਨ।
ਮੁੱਖ ਮੰਤਰੀ ਨੇ ਬੇਜ਼ਮੀਨੇ ਕਾਸ਼ਤਕਾਰਾਂ ਅਤੇ ਖੇਤੀ ਕਾਮਿਆਂ ਲਈ ਲਿਆਂਦੀ ਕਰਜ਼ਾ ਮੁਆਫੀ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 31,066 ਲਾਭਪਾਤਰੀਆਂ ਵਿੱਚੋਂ 25 ਨੂੰ ਸੰਕੇਤਕ ਤੌਰ ’ਤੇ ਕਰਜ਼ਾ ਮੁਆਫੀ ਦੇ ਚੈਕ ਵੰਡੇ। ਜ਼ਿਲੇ ਦੇ ਕੁੱਲ ਲਾਭਪਾਤਰੀਆਂ ਦਾ ਕੁੱਲ 64.61 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਦੀ ਤਾਰੀਫ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਦਾ ਦਿਹਾਤੀ ਵਿਕਾਸ ਫੰਡ (ਆਰ.ਡੀ.ਐਫ) ਅਤੇ ਜੀ.ਐਸ.ਟੀ. ਮੁਆਵਜ਼ਾ ਰੋਕ ਕੇ ਸੂਬੇ ਦੇ ਵਿਕਾਸ ਦੀ ਬੇੜੀ ਵਿੱਚ ਵੱਟੇ ਪਾਏ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਸੂਬੇ ਦੀ ਅਗਵਾਈ ਕੀਤੀ ਹੈ ਅਤੇ ਖਾਸ ਕਰਕੇ ਕੋਵਿਡ-19 ਦੇ ਦਿਨਾਂ ਦੌਰਾਨ ਉਨ੍ਹਾਂ ਦੀ ਅਗਵਾਈ ਸ਼ਲਾਘਾਯੋਗ ਰਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਸਰਹੱਦੀ ਖੇਤਰ ਵਿਖੇ ਪਾਕਿਸਤਾਨ ਵੱਲੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਅਤੇ ਇਨ੍ਹਾਂ ਇਲਾਕਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਵੱਡੇ ਉਪਰਾਲੇ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਕੰਢੀ ਕੈਨਾਲ ਦੇ ਦੂਜੇ ਫੇਜ਼ ਦੀ ਮੁੜ ਉਸਾਰੀ ਅਤੇ ਮੁੜ ਵਿਉਤਬੰਦੀ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਇਕ ਵੁੱਡ ਪਾਰਕ ਅਤੇ ਕੌਫੀ ਪਲਾਂਟੇਸ਼ਨ ਦੀਆਂ ਸੰਭਾਵਨਾਵਾਂ ਵੀ ਤਲਾਸ਼ ਕੀਤੀਆਂ ਜਾਣ।
ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਮਸੀਹਾ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਦਿਲ ਵਿੱਚ ਕਿਸਾਨੀ ਪ੍ਰਤੀ ਦਰਦ ਹੈ ਜੋ ਕਿ ਇਸੇ ਗੱਲ ਤੋਂ ਸਾਫ ਜ਼ਾਹਰ ਹੋ ਜਾਂਦਾ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੀ ਸਨ ਜਿਨ੍ਹਾਂ ਨੇ ਬੀ.ਟੀ ਕਾਟਨ ਦੇ ਬੀਜ ਲਿਆ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦਾ ਹੰਭਲਾ ਮਾਰਿਆ ਸੀ।
ਬਲਾਚੌਰ ਤੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਮੁੱਖ ਮੰਤਰੀ ਦਾ ਇਸ ਕੰਢੀ ਖੇਤਰ ਨੂੰ ਕਾਲਜ ਰੂਪੀ ਤੋਹਫਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਖੇਤਰ ਦੇ ਹੋਰ ਵਿਕਾਸ ਕੰਮਾਂ ਲਈ ਕਦੇ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ।ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਕੀਤੇ ਅਥਾਹ ਕੰਮਾਂ ਦੇ ਵੇਰਵਾ ਦਿੰਦਿਆਂ ਉਨ੍ਹਾਂ ਇਹ ਗੱਲ ਦ੍ਰਿੜ ਇਰਾਦੇ ਨਾਲ ਕਹੀ ਕਿ 2022 ਵਿੱਚ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੁੜ ਸਰਕਾਰ ਬਣਾਏਗੀ।
ਵਧੀਕ ਮੁੱਖ ਸਕੱਤਰ ਵਿਕਾਸ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਨਿਰੁੱਧ ਤਿਵਾੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਲੋਵਾਲ ਸੌਂਖੜੀ ਦਾ ਖੇਤਰੀ ਖੋਜ ਕੇਂਦਰ ਕਈ ਫਸਲਾਂ ਜਿਵੇਂ ਕਿ ਮੱਕੀ, ਕਣਕ ਅਤੇ ਤੇਲ ਬੀਜ ਦੀਆਂ 35 ਕਿਸਮਾਂ ਅਤੇ ਆਮਲਾ, ਅਮਰੂਦ ਅਤੇ ਨਾਸ਼ਪਾਤੀ ਵਰਗੇ ਫਲਾਂ ਦੀਆਂ ਕਈ ਕਿਸਮਾਂ ਸਬੰਧੀ ਸ਼ਲਾਘਾਯੋਗ ਖੋਜ ਕਾਰਜ ਕਰ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਰਜਿੰਦਰ ਸਿੰਘ ਨੇ ਸਾਰੇ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕ ਅੰਗਦ ਸਿੰਘ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਪੰਜਾਬ ਲਾਰਜ ਸਕੇਲ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਡੀ.ਆਈ.ਜੀ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਅਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਡਾਇਰੈਕਟਰ ਡਾ. ਮਨਮੋਹਣਜੀਤ ਸਿੰਘ ਵੀ ਹਾਜ਼ਰ ਸਨ।