Monday, December 23, 2024

ਵਿਸ਼ੇਸ਼ ਬੱਚਿਆਂ ਲਈ ਅਧਿਆਪਕ ਪੈਦਾ ਕਰਨ ਵਾਲੀ ਉਤਰੀ ਭਾਰਤ ਦਾ ਪਹਿਲਾ ਅਦਾਰਾ- ਗੁਰੂ ਨਾਨਕ ਦੇਵ ਯੂਨੀਵਰਸਿਟੀ

ਸ਼ੁਰੂ ਹੋਇਆ ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸਅਬਿਲਟੀ) ਦਾ ਕੋਰਸ
ਅੰਮ੍ਰਿਤਸਰ, 15 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਵਿਸ਼ੇਸ਼ (ਬਹੁ-ਅਯੋਗਤਾ ਵਾਲੇ) ਬੱਚਿਆਂ ਦੀ ਪੜ੍ਹਾਈ ਅਤੇ ਸਿਖਲਾਈ ਲਈ ਵਿਸ਼ੇਸ਼ ਅਧਿਆਪਕ ਤਿਆਰ ਕਰੇਗੀ।ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਕੋਰਸਾਂ ਰਾਹੀਂ ਪੜ੍ਹਾਈ ਕਰਵਾਈ ਜਾਵੇਗੀ।
               ਇਸ ਦੇ ਨਾਲ ਹੀ ਰਾਜ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਅਤੇ ਉਤਰੀ ਭਾਰਤ `ਚ ਗੁਆਂਢੀ ਰਾਜਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ, ਜੋ ਕਿ ਸਪੈਸ਼ਲ ਐਜੂਕੇਸ਼ਨ (ਬਹੁ-ਅਯੋਗਤਾ) ਵਾਲੇ ਕੋਰਸ ਕਰਵਾਏਗੀ।ਪੰਜਾਬ ਸਰਕਾਰ ਸਕੂਲਾਂ ਵਿਚ ਵਿਸ਼ੇਸ਼ ਬੱਚਿਆਂ ਦੀ ਪੜ੍ਹਾਈ ਤੇ ਸਿਖਲਾਈ ਲਈ ਅਧਿਆਪਕਾਂ ਦੀ ਭਰਤੀ ਲਈ ਗੰਭੀਰ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਧਿਆਪਕ ਵੀ ਵਿਸ਼ੇਸ਼ ਸਿਖਲਾਈ ਵਾਲੇ ਹੀ ਭਰਤੀ ਕੀਤੇ ਜਾਣ।
              ਇਸ ਸਬੰਧੀ ਰੀਹੈਬਲੀਟੇਸ਼ਨ ਕੌਂਸਲ ਆਫ ਇੰਡੀਆ ਮਨਿਸਟਰੀ ਆਫ ਐਜੂਕੇਸ਼ਨ, ਨਵੀਂ ਦਿੱਲੀ ਨੇ ਬੀ.ਐਡ. ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸਅਬਿਲਟੀ) ਦੇ ਕੋਰਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵਿਚ ਸੈਸ਼ਨ 2021-22 ਤੋਂ 30 ਸੀਟਾਂ ਨਾਲ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਕੋਰਸ ਦਾ ਉਦੇਸ਼ ਵਿਸ਼ੇਸ਼ ਬੱਚਿਆਂ ਨੂੰ ਸਕੂਲਾਂ ਵਿਚ ਵਧੀਆ ਮਾਹੌਲ ਦੇਣਾ ਹੈ ਤਾਂ ਜੋ ਉਹ ਬੇਝਿਜਕ ਹੋ ਕੇ ਆਮ ਬੱਚਿਆਂ ਦੀ ਤਰ੍ਹਾਂ ਪੜ੍ਹਾਈ ਕਰ ਸਕਣ।
ਮੌਜੂਦਾ ਸਮੇਂ ਵਿੱਚ ਸਿਖਿਆ ਖੇਤਰ ਵਿਚ ਵਾਪਰ ਰਹੀਆਂ ਉਸਾਰੂ ਤਬਦੀਲੀਆਂ ਦੇ ਮੱਦੇਨਜ਼ਰ ਇਹ ਕਦਮ ਲਾਹੇਵੰਦ ਸਾਬਤ ਹੋਵੇਗਾ ਅਤੇ ਇਸ ਦੇ ਨਾਲ ਹੀ ਸਿਖਲਾਈ ਪ੍ਰਾਪਤ ਵਿਸ਼ੇਸ਼ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾਵੇਗਾ। ਸੀ.ਬੀ.ਐਸ.ਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਸਕੂਲਾਂ ਵਿੱਚ ਵਿਸ਼ੇਸ਼ ਅਧਿਆਪਕਾਂ ਦਾ ਹੋਣਾ ਲਾਜ਼ਮੀ ਹੈ ਅਤੇ ਇਹ ਕੋਰਸ ਨਿਸ਼ਚਤ ਤੌਰ `ਤੇ ਉਨ੍ਹਾਂ ਅਧਿਆਪਕਾਂ ਨੂੰ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ ਜੋ ਸਕੂਲਾਂ ਵਿੱਚ ਸਲਾਹਕਾਰ ਅਤੇ ਵਿਸ਼ੇਸ਼ ਅਧਿਆਪਕਾਂ ਦੀ ਭੂਮਿਕਾ ਨਿਭਾਅ ਸਕਦੇ ਹਨ ਅਤੇ ਇਸ ਨਾਲ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋਣਗੀਆਂ।
                  ਇਸ ਨਵੇਂ ਕੋਰਸ ਨੂੰ ਸ਼ੁਰੂ ਕਰਨ ਪਿੱਛੇ ਪ੍ਰੇਰਣਾਦਾਇਕ ਉਦਮ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਆਉਣ ਵਾਲੇ ਸਮੇਂ ਦੀ ਲੋੜ ਨੂੰ ਪਹਿਚਾਣਿਆ ਹੈ ਅਤੇ ਨਵੀਆਂ ਪਹਿਲਕਦਮੀਆਂ ਨੂੰ ਵਧਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …