Wednesday, July 16, 2025
Breaking News

ਜਲ ਜੀਵਨ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਮੁਹੱਈਆ ਕਰਵਾਇਆ ਜਾਵੇਗਾ ਸਵੱਛ ਪਾਣੀ – ਡੀ.ਸੀ

ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਬਦਲੀ ਜਾਵੇਗੀ ਪਿੰਡਾਂ ਦੀ ਨੁਹਾਰ

ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ) – ਪੇਂਡੂ ਖੇਤਰਾਂ ਦੇ ਲੋਕਾਂ ਨੂੰ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਮਾਰਚ 2022 ਤੱਕ ਸਵੱਛ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸੇ ਹੀ ਟੀਚੇ ਤਹਿਤ ਜਿਲੇ੍ਹ ਦੇ 9 ਬਲਾਕਾਂ ਵਿੱਚ 75 ਫੀਸਦੀ ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾ ਦਿੱਤਾ ਗਿਆ ਹੈ ਅਤੇ ਆਉਂਦੇ 6 ਮਹੀਨਿਆਂ ਦੌਰਾਨ ਬਾਕੀ ਲੋਕਾਂ ਨੂੰ ਵੀ ਸਵੱਛ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ।
                ਇਸ ਸਬੰਧੀ ਅੱਜ ਜਿਲੇ੍ਹ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਅਧਿਕਾਰੀਆਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਤਹਿਤ ਪੇਂਡੂ ਖੇਤਰਾਂ ਵਿੱਚ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਗਰਾਂਟ ਪ੍ਰਾਪਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਜਿਲੇ੍ਹ ਦੇ 9 ਬਲਾਕਾਂ ਦੇ 456 ਪਿੰਡਾਂ ਲਈ 15ਵੇਂ ਵਿੱਤ ਕਮਿਸ਼ਨ ਨੇ ਵੀ 18.5 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।ਉਨਾਂ ਦੱਸਿਆ ਕਿ ਬਲਾਕ ਵੇਰਕਾ ਦੇ 100 ਫੀਸਦੀ ਘਰਾਂ ਵਿੱਚ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਬਾਕੀ ਬਲਾਕਾਂ ਵਿੱਚ ਵੀ ਜਲਦੀ ਹੀ ਇਸ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ।
                     ਖਹਿਰਾ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਤਹਿਤ ਆਪਣੇ ਪਿੰਡ ਨਾਲ ਸਬੰਧਤ ਬੀ.ਡੀ.ਪੀ.ਓ ਨਾਲ ਰਾਬਤਾ ਕਾਇਮ ਕਰਕੇ ਛੱਪੜਾਂ ਦੀ ਸਫਾਈ ਨੂੰ ਯਕੀਨੀ ਬਣਾਉਣ।ਇਸ ਕੰਮ ਲਈ ਲੇਬਰ ਵੀ ਮਨਰੇਗਾ ਤਹਿਤ ਮੁਹੱਈਆ ਕਰਵਾਈ ਜਾਵੇਗੀ।ਡਿਪਟੀ ਕਮਿਸ਼ਨਰ ਨੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੈਜਮੈਂਟ ਤਹਿਤ ਵੀ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।ਉਨ੍ਹਾਂ ਨੇ ਸਮੂਹ ਬੀ.ਡੀ.ਪੀ.ਓ ਨੂੰ ਕਿਹਾ ਕਿ ਉਹ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਰੱਖਣ।ਉਨਾਂ ਕਿਹਾ ਕਿ ਸਾਡੇ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਵਿਚ ਰੋਜ਼ਾਨਾ ਸਫਾਈ ਬੜੇ ਚਾਅ ਨਾਲ ਹੁੰਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਅਸੀਂ ਘਰ, ਦੁਕਾਨਾਂ ਦਾ ਕੂੜਾ ਗਲੀਆਂ ਤੇ ਸੜਕਾਂ ਉਤੇ ਖਿਲਾਰ ਦਿੰਦੇ ਹਾਂ।ਜੇਕਰ ਇਸੇ ਕੂੜੇ ਨੂੰ ਸਹੀ ਢੰਗ ਨਾਲ ਕੂੜਾ ਪ੍ਰਬੰਧਨ ਦਾ ਹਿੱਸਾ ਬਣਾ ਲਿਆ ਜਾਵੇ ਤਾਂ ਸਾਡਾ ਚੌਗਿਰਦਾ ਸਵਰਗ ਬਣ ਜਾਵੇਗਾ ਅਤੇ ਸਾਡੀ ਕੁਦਰਤੀ ਸੋਮੋ, ਜਿਸ ਵਿਚ ਧਰਤੀ, ਨਦੀਆਂ, ਨਾਲੇ, ਨਹਿਰਾਂ ਸ਼ਾਮਿਲ ਹਨ ਦੂਸ਼ਿਤ ਹੋਣੋਂ ਬਚ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਪਿੰਡਾਂ ਦੀ ਨੁਹਾਰ ਨੂੰ ਬਦਲਿਆ ਜਾਵੇਗਾ ਤਾਂ ਜੋ ਪਿੰਡਾਂ ਵਿੱਚ ਸਹਿਰ ਵਰਗੀਆਂ ਸਾਰੀਆਂ ਸੁਵਿਧਾਵਾਂ ਮੁਹੱਈਆ ਹੋ ਸਕਣ।
                     ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੁੱਧਲ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਲ ਜੀਵਨ ਮਿਸ਼ਨ ਤਹਿਤ ਪਿੰਡਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ 10 ਲੱਖ ਰੁਪਏ ਦੀ ਗਰਾਂਟ ਜਿਲ੍ਹਾ ਪੱਧਰ ਤੇ ਹੀ ਮੁਹੱਈਆ ਕਰਵਾ ਦਿੱਤੀ ਗਈ ਹੈ ਤਾਂ ਜੋ ਜਲਦ ਤੋਂ ਜਲਦ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਿਆਂ ਕੀਤਾ ਜਾ ਸਕੇ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸ.ਈ ਜਲ ਸਪਲਾਈ ਤੇ ਸੈਨੀਟੇਸ਼ਨ ਜੀ.ਐਸ ਚਾਹਲ ਨੇ ਦੱਸਿਆ ਕਿ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿੱਚ ਸਵੱਛ ਪੀਣ ਵਾਲਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਗੰਦੇ ਪਾਣੀ ਦੀ ਨਿਕਾਸੀ, ਥਾਪਰ ਮਾਡਲ ਅਨੁਸਾਰ ਪਿੰਡਾਂ ਦੀ ਸਫਾਈ ਆਦਿ ਹੋਰ ਕੰਮ ਵੀ ਤੇਜੀ ਨਾਲ ਚੱਲ ਰਹੇ ਹਨ।
                      ਇਸ ਮੀਟਿੰਗ ਵਿੱਚ ਐਕਸੀਅਨ ਪੁਨੀਤ ਭਸੀਨ, ਐਕਸੀਅਨ ਸਿਮਰ ਸਿੰਘ, ਐਸ.ਡੀ.ਓ ਸੁਖਵਿੰਦਰ ਸਿੰਘ, ਜਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਸਾਰੇ ਬਲਾਕਾਂ ਦੇ ਬੀ.ਡੀ.ਪੀ.ਓ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …