700 ਬੱਚਿਆਂ ਵਾਲੇ ਦੋ ਸਰਕਾਰੀ ਸਕੂਲਾਂ ਦੇ ਅੰਦਰ ਗੰਦੇ ਪਾਣੀ ਦੀ ਨਿਕਾਸੀ ਨਹੀ ਤੇ ਬਾਹਰ ਗੰਦਗੀ ਦੇ ਢੇਰ

ਅਮ੍ਰਿਤਸਰ, 12 ਨਵਬਰ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਨੂੰ ਜੋਰ ਸ਼ੋਰ ਨਾਲ ਪ੍ਰਚਾਰਨ ਵਾਲੀ ਭਾਜਪਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ 58 ਵਿੱਚਲਾ ਸਰਕਾਰੀ ਸਕੂਲ ਫਲੱਸ਼ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਮੁਖ ਗੇਟ ਨਾਲ ਲਗਦੇ ਗੰਦਗੀ ਦੇ ਢੇਰਾਂ ਤੋਂ ਪ੍ਰੇਸ਼ਾਨ ਹੈ ।ਸਥਾਨਕ ਗੇਟ ਹਕੀਮਾਂ ਦੇ ਬਿਲਕੁਲ ਸਾਹਮਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ, ਇਸ ਸਕੂਲ ਦੇ ਅੰਦਰ ਹੀ ਇੱਕ ਹੋਰ ਸਰਕਾਰੀ ਐਲੀਮੈਂਟਰੀ ਸਕੂਲ ਹੈ ।ਸੀਨੀਅਰ ਸੈਕੰਡਰੀ ਸਕੂਲ ਵਿੱਚ 18 ਅਧਿਆਪਕ ਅਤੇ 320 ਬੱਚੇ ਹਨ ਜਦਕਿ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 11 ਅਧਿਆਪਕ ਅਤੇ 400 ਬੱਚੇ ਹਨ ।ਸਵੇਰ ਵੇਲੇ ਸਕੂਲ ਖੁਲਦਿਆਂ ਅਤੇ ਬਾਅਦ ਦੁਪਿਹਰ ਛੁਟੀ ਵੇਲੇ ਇਥੇ ਇੱਕ ਮੇਲੇ ਵਰਗਾ ਮਾਹੌਲ ਹੁੰਦਾ ਹੈ ।ਤਰਾਸਦੀ ਇਹ ਹੈ ਕਿ 700 ਤੋਂ ਵੱਧ ਬੱਚਿਆਂ ਵਾਲੇ ਇਨ੍ਹਾਂ ਦੋ ਸਕੂਲਾਂ ਦੇ ਮੁਖ ਗੇਟ ਦੇ ਬਾਹਰ ਨਗਰ ਨਿਗਮ ਦਾ ਡੰਪਰ ਪੱਕਾ ਹੀ ਖੜਾ ਰਹਿੰਦਾ ਹੈ ਜੋਕਿ ਇਲਾਕੇ ਦੀ ਗੰਦਗੀ ਨਾਲ ਲੈਸ ਰਹਿੰਦਾ ਹੈ ।
ਸਕੂਲ ਦੇ ਕੁਝ ਅਧਿਆਪਕਾਂ ਅਨੁਸਾਰ ਹੀ ਇਸ ਡੰਪਰ ਦੇ ਬਾਹਰ ਵੀ ਕੂੜੇ ਦੀ ਨੁਮਾਇਸ਼ ਹਮੇਸ਼ਾਂ ਹੀ ਰਹਿੰਦੀ ਹੈ, ਅਵਾਰਾ ਕੁੱਤੇ ਅਤੇ ਪਸ਼ੂ ,ਇਥੇ ਮੂੰਹ ਮਾਰਦੇ ਫਿਰਦੇ ਹਨ ।ਛੁਟੀ ਵੇਲੇ ਸਕੂਲੀ ਬੱਚਿਆਂ ਲਈ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ।ਐਲੀਮੈਂਟਰੀ ਸਕੂਲ ਦੇ ਅੰਦਰ ਦਾ ਨਜਾਰਾ ਵੀ ਵੱਖਰਾ ਹੈ ,ਗੰਦੇ ਬਦਬੂ ਮਾਰਦੇ ਪੇਸ਼ਾਬ ਘਰ ਦੇ ਸਾਹਮਣੇ ਹੀ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਹਨ ।ਗੰਦੇ ਪਾਣੀ ਦੇ ਨਿਕਾਸ ਲਈ ਸਕੂਲ ਦੇ ਅਹਾਤੇ ੱਿਵਚ ਕੋਈ ਗਰਕੀ ਆਦਿ ਵੀ ਨਾ ਹੋਣ ਕਾਰਣ ਇਹ ਪਾਣੀ ਸਕੂਲ ਦੀਆਂ ਨੀਹਾਂ ਵਿੱਚ ਹੀ ਵੜ੍ਹ ਰਿਹਾ ਹੈ।ਬਾਹਰੀ ਸੜਕ ਨਾਲੋਂ 4 ਫੁੱਟ ਨੀਵਾਂ ਹੋਣ ਕਾਰਣ ਦੋਨਾਂ ਸਕੂਲਾਂ ਲਈ ਬਰਸਾਤਾਂ ਦੇ ਦਿਨਾਂ ਵਿੱਚ ਹੋਰ ਵੀ ਮੁਸ਼ਕਿਲ ਹੋ ਜਾਂਦਾ ਕਿਉਂ ਕਿ ਇਸ ਪਾਣੀ ਦੇ ਨਿਕਾਸ ਦਾ ਕੋਈ ਸਾਧਨ ਨਹੀ ਹੈ ।
ਇਸ ਬਾਰੇ ਜਦ ਨਗਰ ਨਿਗਮ ਵਾਰਡ ਨੰਬਰ 58 ਦੇ ਕੌਂਸਲਰ ਪਵਨ ਕੁਮਾਰ ਖਜੂਰੀਆ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾ ਦੱਸਿਆ ਕਿ ਸਕੂਲ ਦਾ ਮਾਮਲਾ ਕੋਈ ਮਾਮੂਲੀ ਨਹੀ ਹੈ, ਇਹ ਤਾਂ ਜਿਲ੍ਹਾ ਪ੍ਰਸ਼ਾਸ਼ਨ ਜਾਂ ਸੂਬਾ ਸਰਕਾਰ ਹੀ ਕਿਰਪਾ ਕਰੇ ਤਾਂ ਕੁਝ ਸੰਵਰ ਸਕਦਾ ਹੈ।ਐਲੀਮੈਂਟਰੀ ਸਕੂਲ ਦੇ ਹੈੱਡ ਮਾਸਟਰ ਸ੍ਰ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਸਕੂਲ ਦੀ ਮਾੜੀ ਹਾਲਤ ਤੋਂ ਸਾਰੇ ਹੀ ਸੀਨਅਰ ਅਧਿਕਾਰੀ ਭਲੀ ਭਾਂਤ ਜਾਣੂ ਹਨ, ਸਕੂਲ 100 ਸਾਲ ਤੋਂ ਪੁਰਾਣਾ ਹੈ, ਇਮਾਰਤ ਵੀ ਮੁੜ ਉਸਾਰਨਯੋਗ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦੇ ਸਮੁਚੇ ਸੁਧਾਰ ਲਈ ਕਰੋੜਾਂ ਰੁਪਏ ਦਾ ਅੰਦਾਜਾ ਲਗਾਇਆ ਜਾ ਚੁਕਾ ਹੈ ਤੇ ਇਹ ਕਾਰਜ ਪੰਜਾਬ ਸਰਕਾਰ ਹੀ ਕਰੇਗੀ ।ਸਕੂਲ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਬਾਰੇ ਪੁਛੇ ਜਾਣ ਤੇ ਕੌਂਸਲਰ ਸਾਹਿਬ ਕਹਿ ਰਹੇ ਹਨ ਕਿ ਇਹ ਮਸਲਾ ਤਾਂ ਉਹ ਜ਼ੁਰਅਤ ਨਾਲ ਸਫਾਈ ਵਿਭਾਗ ਤੋਂ ਹੱਲ ਕਰਵਾ ਦੇਣਗੇ ।
Punjab Post Daily Online Newspaper & Print Media