ਸਿੱਖ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਭਾਸ਼ਾ ਵਰਤਣ ਦਾ ਦੋਸ਼
ਅੰਮ੍ਰਿਤਸਰ / ਮੁੰਬਈ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਭਾਈਚਾਰੇ ਵਿਰੁੱਧ ਸੋਸ਼ਲ ਮੀਡੀਆ ਪੋਸਟਾਂ `ਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਖਿ਼ਲਾਫ਼ ਮੁੰਬਈ ਦੇ ਥਾਣਾ ਖ਼ਾਰ ਵਿਖੇ ਐਫ.ਆਈ.ਆਰ ਦਰਜ਼ ਕਰ ਲਈ ਗਈ ਹੈ।ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਸੰਧੂ ਵਾਸੀ ਮੁਲੁਡ ਮੁੰਬਈ ਵਲੋਂ ਦਰਜ਼ ਕਰਾਈ ਗਈ ਐਫ.ਆਈ.ਆਰ ਨੰ: 253 ਵਿਚ ਕੰਗਣਾ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਧਾਰਾ 295-ਏ ਲਾਈ ਗਈ ਹੈ।ਇਸ ਤੋਂ ਪਹਿਲਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਕੰਗਣਾ ਦੀ ਰਿਹਾਇਸ਼ ’ਤੇ ਰੋਸ ਵਿਖਾਵਾ ਵੀ ਕੀਤਾ।ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਨੇ ਕੰਗਣਾ ਵਿਰੁੱਧ ਇਹ ਕੇਸ ਦਰਜ਼ ਕਰਦਿਆਂ ਐਫ.ਆਈ.ਆਰ ਦੀ ਕਾਪੀ ਸੁਪਰੀਮ ਕੌਂਸਲ ਨਵੀਂ ਮੁੰਬਈ ਦੇ ਆਗੂ ਜਸਪਾਲ ਪਾਸ ਸਿੰਘ ਸਿੱਧੂ, ਸ਼ਿਕਾਇਤ ਕਰਤਾ ਅਮਰਜੀਤ ਸਿੰਘ ਸੰਧੂ, ਜਸਬੀਰ ਸਿੰਘ ਧਾਮ, ਗੁਰਜੋਤ ਸਿੰਘ ਕੀਰ ਤੇ ਅਮਰਜੀਤ ਸਿੰਘ ਰੰਧਾਵਾ ਦੇ ਹਵਾਲੇ ਕੀਤੀ।
ਇਸ ਮੌਕੇ ਭਾਈ ਸਿੱਧੂ ਸਮੇਤ ਸਿੱਖ ਭਾਈਚਾਰੇ ਦੇ ਆਗੂਆਂ ਨੇ ਸਮਾਜ ਵਿੱਚ ਨਫ਼ਰਤ ਫੈਲਾਉਣ ਬਦਲੇ ਕੰਗਣਾ ਰਣੌਤ ਨੂੰ ਮੁੰਬਈ ਤੋਂ ਤੜੀਪਾਲ ਕਰਨ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕੰਗਣਾ ਨਾ ਕੇਵਲ ਸਿੱਖਾਂ ਪ੍ਰਤੀ ਸਗੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦੇਵ ਠਾਕੁਰੇ ਖਿਲਾਫ਼ ਵੀ ਮਾੜੀ ਸ਼ਬਦਾਵਲੀ ਵਰਤ ਚੁੱਕੀ ਹੈ।ਖ਼ਾਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਮਿਲੀ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਕੰਗਣਾ ਵਿਰੁੱਧ ਕੇਸ ਦਰਜ਼ ਕੀਤਾ ਹੈ।ਕੱਲ ਹੀ ਸ਼਼੍ਰੋਮਣੀ ਅਕਾਲੀ ਦਲ ਦੇ ਆਗੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ `ਚ ਇਕ ਵਫ਼ਦ ਨੇ ਰਣੌਤ ਖਿਲਾਫ਼ ਸ਼ਿਕਾਇਤ ਦਰਜ਼ ਕਰਾਉਂਦਿਆਂ ਕੰਗਣਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।