Wednesday, May 22, 2024

ਉਪ ਮੁੱਖ ਮੰਤਰੀ ਨੇ 71ਵੀਂ ਦੋ ਦਿਨਾ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

ਅਸੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ 71ਵੀਂ ਦੋ ਦਿਨਾ ਓਪਨ ਅਥਲੈਟਿਕਸ ਚੈਂਪੀਅਨਸਿਪ 2021-22 ਸ਼ਰੂ ਹੋ ਗਈ। ਜ਼ਿਲ੍ਹਾ ਪੱਧਰੀ ਇਨ੍ਹਾਂ ਓਪਨ ਖੇਡ ਮੁਕਾਬਲਿਆਂ ਦੇ ਦੌਰਾਨ ਵੱਖ-ਵੱਖ ਉਮਰ ਵਰਗ ਦੇ ਲੜਕੇ/ਲੜਕੀਆਂ ਹਿੱਸਾ ਲੈ ਰਹੀਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਸਕੱਤਰ ਕਸ਼ਮੀਰ ਸਿੰਘ ਖਿਆਲਾ ਦੇ ਪ੍ਰਬੰਧਾਂ ਹੇਠ ਆਯੋਜਿਤ ਜ਼ਿਲ੍ਹਾ ਪੱਧਰੀ ਇਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭ ਆਰੰਭ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਕੀਤਾ ਗਿਆ।
               ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਓਲੰਪਿਕ ਖੇਡਾਂ 2021 ਦੇ ਦੌਰਾਨ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਇਨਾਮ ਦੇ ਕੇ ਨਿਵਾਜ਼ਿਆ ਗਿਆ ਹੈ।ਇੱਕ ਵਿਦਿਆਰਥੀ ਹੋਣ ਦੇ ਨਾਲ-ਨਾਲ ਇਕ ਸ਼ਾਨਦਾਰ ਖਿਡਾਰੀ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।ਇਸ ਨਾਲ ਜਿਥੇ ਸੂਬੇ ਦਾ ਸਮੁੱਚਾ ਚੌਗਿਰਦਾ ਸਿਹਤਮੰਦ ਤੇ ਤਾਕਤਵਰ ਬਣਦਾ ਹੈ, ਉਥੇ ਦੇਸ਼ ਅਤੇ ਸਮਾਜ ਨੂੰ ਵੀ ਮਜ਼ਬੂਤੀ ਮਿਲਦੀ ਹੈ।ਉਨ੍ਹਾਂ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।ਓਮ ਪ੍ਰਕਾਸ਼ ਸੋਨੀ ਵਲੋਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰ ਕੇ ਖੇਡ ਮੁਕਾਬਲਿਆਂ ਨੂੰ ਸ਼ੁਰੂ ਕੀਤੇ ਜਾਣ ਦਾ ਰਸਮੀ ਐਲਾਨ ਕਰਨ ਦੇ ਨਾਲ ਨਾਲ 800 ਮੀਟਰ ਪੁਰਸ਼ ਰੇਸ ਦਾ ਸ਼ੁੱਭ ਆਰੰਭ ਵੀ ਕੀਤਾ ਗਿਆ।ਐਸੋਸੀਏਸ਼ਨ ਦੇ ਪ੍ਰਧਾਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਉਪ ਮੁੱਖ ਮੰਤਰੀ ਸੋਨੀ, ਖਿਡਾਰੀਆਂ, ਕੋਚਾਂ ਤੇ ਅਧਿਆਪਕਾਂ ਨੂੰ ‘ਜੀ ਆਇਆਂ’ ਆਖਦਿਆਂ ਐਸੋਸੀਏਸ਼ਨ ਦੀ ਕਾਰਗੁਜ਼ਾਰੀ ‘ਤੇ ਰੌਸ਼ਨੀ ਪਾਈ।ਸਕੱਤਰ ਕਸ਼ਮੀਰ ਸਿੰਘ ਖਿਆਲਾ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ‘ਤੇ ਅਧਾਰਿਤ ਜ਼ਿਲ੍ਹਾ ਪੱਧਰੀ ਟੀਮ ਦਾ ਗਠਨ ਕੀਤਾ ਜਾਵੇਗਾ ਜੋ ਸੂਬਾ ਅਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ‘ਚ ਗੁਰੂ ਨਗਰੀ ਅੰਮ੍ਰਿਤਸਰ ਦੀ ਨੁਮਾਇੰਦਗੀ ਕਰੇਗੀ।
        ਪ੍ਰਬੰਧਕਾਂ ਵਲੋਂ ਉਪ ਮੁੱਖ ਮੰਤਰੀ ਸੋਨੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ।ਮੰਚ ਦਾ ਸੰਚਾਲਣ ਜੀ.ਐਸ ਸੰਧੂ ਨੇ ਕੀਤਾ।
                 ਇਸ ਮੌਕੇ ਕੌਮਾਂਤਰੀ ਅਥਲੀਟ ਮਨਜੀਤ ਸਿੰਘ, ਕੌਮਾਂਤਰੀ ਹਾਕੀ ਖਿਡਾਰਨ ਸੁਮਨ ਬਾਲਾ ਭੁੱਲਰ, ਉਘੇ ਖੇਡ ਪ੍ਰਮੋਟਰ ਰਛਪਾਲ ਸਿੰਘ ਕੋਟ ਖਾਲਸਾ, ਕੋਚ ਰਣਕੀਰਤ ਸਿੰਘ ਸੰਧੂ, ਕੋਚ ਸਵਿਤਾ ਕੁਮਾਰੀ, ਕੋਚ ਅਰਸ਼ਦੀਪ ਸਿੰਘ, ਰਾਜਬੀਰ ਸਿੰਘ ਰੇਲਵੇ, ਪ੍ਰਿੰ: ਨਿਰਮਲ ਸਿੰਘ ਬੇਦੀ, ਚੀਫ ਮੈਨੇਜਰ ਸੂਰਤ ਸਿੰਘ, ਕੌਮਾਂਤਰੀ ਵਾਕਰ ਕੈਪਟਨ ਬਲਦੇਵ ਸਿੰਘ, ਤਿਲਕ ਰਾਜ ਸਿੰਘ, ਗੁਰਮੇਜ਼ ਸਿੰਘ ਕੋਟ ਖਾਲਸਾ, ਵਾਕਰ ਹਰਜੀਤ ਸਿੰਘ, ਵਾਕਰ ਦਲਜੀਤ ਸਿੰਘ, ਪ੍ਰਕਾਸ਼ ਸਿੰਘ ਬਾਦਲ, ਗੁਰਮੀਤ ਸਿੰਘ ਲੱਕੀ, ਜਰਨੈਲ ਸਿੰਘ ਸਖੀਰਾ, ਜਸਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …