Saturday, November 23, 2024

ਯਾਦਗਾਰੀ ਹੋ ਨਿਬੜਿਆ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਸਮਾਗਮ

ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ) – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਮੇਟੀ ਸਮਰਾਲਾ ਵਲੋਂ ਸਵ: ਪ੍ਰੋ. ਨੌਸ਼ਹਿਰਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਇੱਕ ਪਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਉੱਘੇ ਨਾਵਲਕਾਰ ਓਮ ਪ੍ਰਕਾਸ਼ ਗਾਸੋ, ਡਾ. ਭੀਮਇੰਦਰ ਸਿੰਘ ਪੰਜਾਬੀ ਯੂਨੀ. ਪਟਿਆਲਾ, ਡਾ. ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਉੱਘੇ ਆਲੋਚਕ ਡਾ. ਗੁਰਦਰਪਾਲ ਸਿੰਘ ਨੂੰ ਹਰਜਿੰਦਰਪਾਲ ਸਿੰਘ, ਮਾਸਟਰ ਪੁਖਰਾਜ ਸਿੰਘ ਘੁਲਾਲ, ਲਖਵੀਰ ਸਿੰਘ ਬਲਾਲਾ ਅਤੇ ਕਰਮਜੀਤ ਸਿੰਘ ਆਜ਼ਾਦ ਤੇ ਆਧਾਰਿਤ ਸਵਾਗਤੀ ਕਮੇਟੀ ਵਲੋਂ ਲੋਈਆਂ ਤੇ ਬੁੱਕਿਆਂ ਨਾਲ ਸਨਮਾਨਿਤ ਕਰਕੇ ਮੰਚ ਤੇ ਸ਼ੁਸ਼ੋਭਿਤ ਕੀਤਾ ਗਿਆ।
               ਯਾਦਗਾਰੀ ਕਮੇਟੀ ਦੇ ਪ੍ਰਧਾਨ ਪਿ੍ਰੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਪ੍ਰੋ. ਹਮਦਰਦਵੀਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਪ੍ਰਧਾਨਗੀ ਮੰਡਲ ਅਤੇ ਹਾਜ਼ਰ ਲੇਖਕਾਂ, ਪਾਠਕਾਂ ਨੂੰ ਹਾਰਦਿਕ ‘ਜੀ ਆਇਆਂ’ ਆਖਿਆ।ਡਾ. ਬੈਨੀਪਾਲ ਵਲੋਂ ਸੰਪਾਦਿਤ ਪੁਸਤਕ ‘ਸਾਹਿਤ ਰਿਸ਼ੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ’ ਲੋਕ ਅਰਪਿਤ ਕੀਤੀ ਗਈ।ਲੇਖਕ ਮੰਚ (ਰਜਿ.) ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਵਲੋਂ ਤਿਆਰ ਕੀਤੀ ਡਾਕੂਮੈਂਟਰੀ ਫਿਲਮ ‘ਸਾਡਾ ਹਮਦਰਦਵੀਰ’ ਵਿਖਾਈ ਗਈ।ਜਿਸ ਦਾ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਵਾਰ ਵਾਰ ਸਵਾਗਤ ਕੀਤਾ ਅਤੇ ਪ੍ਰਧਾਨਗੀ ਮੰਡਲ ਨੇ ਵੀ ਇਹ ਖੂਬਸੂਰਤ ਫਿਲਮ ਬਣਾਉਣ ਲਈ ਮਾਸਟਰ ਤਰਲੋਚਨ ਸਿੰਘ ਨੂੰ ਭਰਪੂਰ ਦਾਦ ਦਿੱਤੀ।
                ਡਾ. ਗੁਰਦਰਪਾਲ ਸਿੰਘ ਨੇ ਪ੍ਰੋ. ਨੌਸ਼ਹਿਰਵੀ ਵਲੋਂ ਮਿਲੇ ਅਸ਼ੀਰਵਾਦ ਅਤੇ ਉਨ੍ਹਾਂ ਦੇ ਪ੍ਰਗਤੀਵਾਦੀ ਨਜ਼ਰੀਏ ਬਾਰੇ ਭਾਵਪੂਰਤ ਸੰਵਾਦ ਰਚਾਇਆ।ਉੱਘੇ ਅਲੋਚਕ ਡਾ. ਭੀਮਇੰਦਰ ਸਿੰਘ ਪਟਿਆਲਾ ਨੇ ਆਖਿਆ ਕਿ ਪ੍ਰੋ. ਨੌਸ਼ਹਿਰਵੀ ਸਿੱਖੀ ਅਤੇ ਮਾਰਕਸਵਾਦ ਦਾ ਸੁਮੇਲ ਸਨ ਅਤੇ ਉਹ ਲੇਖਕਾਂ ਲਈ ਸਿਧਾਂਤ ਅਤੇ ਵਿਵਹਾਰ ਵਿੱਚ ਇਕਸਾਰਤਾ ਦੇ ਪੁਰਜ਼ੋਰ ਸਮਰਥਕ ਸਨ।ਉਨ੍ਹਾਂ ਪਹਿਲਾਂ ਕਮਾਇਆ ਤੇ ਜਬਰ ਜ਼ੁਲਮ ਆਪਣੇ ਪਿੰਡੇ ’ਤੇ ਹੰਢਾਇਆ ਫਿਰ ਲਿਖਿਆ।ਡਾ. ਸੁਖਦੇਵ ਸਿੰਘ ਸਿਰਸਾ ਨੇ ਸਮਰਾਲੇ ਦੀ ਮੁੱਲਵਾਨ ਮਿੱਟੀ ਨੂੰ ਸਲਾਮ ਕਰਦਿਆਂ ਆਖਿਆ ਕਿ ਇਥੋਂ ਕਰਮਸ਼ੀਲ ਤਿੰਨ ਲੇਖਕ ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ ਤੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪੰਜਾਬੀ ਸਾਹਿਤ ਦੇ ਚਮਕਦੇ ਸਿਤਾਰੇ ਹਨ।ਉਹ ਸਾਰੇ ਅਨਿਆਂ, ਪੱਖਪਾਤ, ਭੇਦਭਾਵ ਤੇ ਲੁੱਟ ਖਸੱਟ ਤੋਂ ਮੁਕਤ ਸਮਾਜ ਸਿਰਜਣ ਦੀ ਪ੍ਰਬਲ ਲੋਚਾ ਰੱਖਦੇ ਸਨ। ਓਮ ਪ੍ਰਕਾਸ਼ ਗਾਸੋ ਨੇ ਆਖਿਆ ਕਿ ਪ੍ਰੋ. ਨੌਸ਼ਹਿਰਵੀ ਇਕ ਸਿਧਾਂਤ, ਇਕ ਸੂਤਰ ਅਤੇ ਇਕ ਸੰਕਲਪ ਹੈ।ਉਹ ਇਕ ਮਨੁੱਖ, ਇਕ ਪੁਰਸ਼ ਅਤੇ ਇਕ ਵਿਅਕਤੀ ਦਾ ਅਨੂਠਾ ਮਾਡਲ ਹੈ।ਉਸ ਦਾ ਰਚਨਾ-ਸੰਸਾਰ ਦੇਸ਼ ਦੀ ਗਰੀਬ ਜਨਤਾ ਦੇ ਮਨਾਂ ਨੂੰ ਟੁੰਬਦਾ, ਜਗਾਉਂਦਾ ਹੋਇਆ ਸੰਘਰਸ਼ ਕਰਨ ਵੱਲ ਪ੍ਰੇਰਿਤ ਕਰਦਾ ਹੈ।ਦਿਲਦੀਪ ਪ੍ਰਕਾਸ਼ਨ ਵਲੋਂ ਦੀਪ ਦਿਲਬਰ ਨੇ ਸ਼ਾਨਦਾਰ ਪੁਸਤਕ ਪ੍ਰਦਰਸ਼ਨੀ ਲਗਾਈ।ਯਾਦਗਾਰੀ ਕਮੇਟੀ ਦੇ ਸਰਪ੍ਰਸਤ ਕਰਨੈਲ ਸਿੰਘ ਧਾਲੀਵਾਲ ਨੇ ਵਿਦਵਾਨਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਹਾਰਦਿਕ ਧੰਨਵਾਦ ਕੀਤਾ।ਉੱਘੇ ਨਾਟਕਕਾਰ ਅਤੇ ਅਕਸ ਰੰਗਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
                  ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਨਿਰਮਲ ਸੰਧੂ, ਰਘਬੀਰ ਭਰਤ, ਸੁਨੇਹ ਇੰਦਰ ਮੀਲੂ, ਦੀਪ ਦਿਲਬਰ, ਹਰਬੰਸ ਮਾਲਵਾ, ਕਮਲਜੀਤ ਨੀਲੋਂ, ਪ੍ਰੋ. ਜਗਮੋਹਨ ਸਿੰਘ, ਡਾ. ਹਰਿੰਦਰਜੀਤ ਕਲੇਰ, ਗਾਇਕ ਪਰਮਿੰਦਰ ਸੇਖੋ, ਕੇਵਲ ਕੁੱਲੇਵਾਲੀਆ, ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ, ਮਾ. ਪ੍ਰੇਮ ਨਾਥ, ਐਡਵੋਕੇਟ ਦਲਜੀਤ ਸ਼ਾਹੀ, ਐਡਵੋਕੇਟ ਪਰਮਿੰਦਰ ਗਿੱਲ, ਇੰਦਰਜੀਤ ਸਿੰਘ ਕੰਗ, ਅਮਨ ਆਜ਼ਾਦ, ਅਵਤਾਰ ਉਟਾਲਾਂ ਆਦਿ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …