ਕਾਨੂੰਨੀ ਵਾਰਿਸ 6 ਦਸੰਬਰ ਤੋਂ ਜਮਾਂ ਕਰਵਾ ਸਕਦੇ ਹਨ ਅਰਜ਼ੀ ਫਾਰਮ
ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਦੌਰਾਨ ਜਿਨਾਂ ਲੋਕਾਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ, ਉਨਾਂ ਦੇ ਕਾਨੂੰਨੀ ਵਾਰਿਸਾਂ
ਨੂੰ ਸਰਕਾਰ ਵਲੋਂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਕੋਵਿਡ ਸਥਿਤੀ ਦੇ ਸਬੰਧ ਵਿਚ ਕੀਤੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਵਾਰਸਾਂ ਵਲੋਂ ਅਰਜ਼ੀਆਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਦੇ ਸੇਵਾ ਕੇਂਦਰ ਵਿਖੇ ਜਮਾਂ ਕਰਵਾਈਆਂ ਜਾ ਸਕਦੀਆਂ ਹਨ।
ਉਨਾਂ ਦੱਸਿਆ ਕਿ ਇਸ ਸਬੰਧੀ ਅਰਜ਼ੀ ਫਾਰਮ ਨਾਲ ਨੱਥੀ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਵਿੱਚ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਅਤੇ ਮ੍ਰਿਤਕ ਵਿਅਕਤੀ ਦੇ ਸਬੰਧ ਦੇ ਪਹਿਚਾਣ ਕਾਰਡ ਦੀ ਕਾਪੀ, ਕੋਵਿਡ 19 ਟੈਸਟ ਦੀ ਪਾਜ਼ੇਟਿਵ ਰਿਪੋਰਟ ਦੀ ਕਾਪੀ, ਹਸਪਤਾਲ ਦੁਆਰਾ ਜਾਰੀ ਹੋਏ ਮੌਤ ਦੇ ਕਾਰਨਾਂ ਦਾ ਸੰਖੇਪ ਸਾਰ ਜੇਕਰ ਮੌਤ ਹਸਪਤਾਲ ਵਿੱਚ ਹੋਈ ਹੋਵੇ) ਤੇ ਮੌਤ ਹੋਣ ਦੇ ਕਾਰਨਾਂ ਦਾ ਮੈਡੀਕਲ ਸਰਟੀਫਿਕੇਟ, ਮ੍ਰਿਤਕ ਵਿਅਕਤੀ ਦੇ ਮੌਤ ਦਾ ਸਰਟੀਫਿਕੇਟ, ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈਕ, ਮ੍ਰਿਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜ਼ਹੀਣਤਾ ਸਰਟੀਫਿਕੇਟ (ਜਿਥੇ ਕਲੇਮ ਕਰਤਾ ਇੱਕ ਹੋਵੇ)।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਫਾਰਮ ਸਮੇਤ ਸਾਰੇ ਦਸਤਾਵੇਜ਼ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਵਿਖੇ 6 ਦਸੰਬਰ ਤੋਂ ਜਮਾਂ ਕਰਵਾਏ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕੇ ਇੰਨਾ ਕਲੇਮਾਂ ਦੀ ਪ੍ਰਵਾਨਗੀ ਲਈ ਕਮੇਟੀ ਬਣਾ ਦਿੱਤੀ ਗਈ ਹੈ, ਜੋ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਮੁਆਵਜ਼ਾ ਰਾਸ਼ੀ ਦੇਣ ਦੀ ਸਿਫਾਰਸ਼ ਕਰੇਗੀ।
Punjab Post Daily Online Newspaper & Print Media