
ਅੰਮ੍ਰਿਤਸਰ, 17 ਨਵੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਡਿਜ਼ਾਸਟਰ ਮੈਨੇਜਮੈਂਟ ਵਿਸ਼ੇ ‘ਤੇ 21-ਦਿਨਾ ਰਿਫਰੈਸ਼ਰ ਕੋਰਸ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਅੱਜ ਇਥੇ ਸ਼ੁਰੂ ਹੋ ਗਿਆ। ਇਸ ਵਿਚ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ 25 ਅਧਿਆਪਕ ਭਾਗ ਲੈ ਰਹੇ ਹਨ।
ਅੰਮ੍ਰਿਤਸਰ ਦੇ ਸਿਵਲ ਸਰਜਨ, ਡਾ. ਰਾਜੀਵ ਭੱਲਾ ਇਸ ਮੌਕੇ ਮੁੱਖ ਮਹਿਮਾਨ ਸਨ। ਕੋਰਸ ਕੋ-ਆਰਡੀਨੇਟਰ ਅਤੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਕੋਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਵਿਭਾਗ ਦੇ ਪ੍ਰੋ. ਸਰੋਜ ਅਰੋੜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਆਪਣੇ ਵਿਚਾਰ ਪੇਸ ਕਰਦਿਆਂ ਡਾ. ਰਾਜੀਵ ਭੱਲਾ ਨੇ ਕਿਹਾ ਕਿ ਅਜੋਕੇ ਮਾਹੌਲ ਵਿਚ ਅਜਿਹੇ ਕੋਰਸ ਦਾ ਆਯੋਜਨ ਕਰਨ ‘ਤੇ ਵਧਾਈ ਦੇ ਪਾਤਰ ਹਨ ਕਿਉਂਕਿ ਕਿਸੇ ਕਿਸਮ ਦੀ ਬਿਪਤਾ ਜਾਂ ਸੰਕਟ ਵੇਲੇ ਮਨੁੱਖਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਹਲਾਤਾਂ ਨੂੰ ਨਿਜੱਠਣ ਲਈ ਹਰ ਪ੍ਰਕਾਰ ਦੀ ਸਿਖਲਾਈ ਲੈਣੀ ਚਾਹੀਦੀ ਹੈ। ਉਨ੍ਹਾਂ ਐਨ.ਜੀ.ਓ. ਵੱਲੋਂ ਕਸ਼ਮੀਰ ਵਿਖੇ ਬਿਪਤਾ ਨਾਲ ਨਿਜੱਠਣ ਲਈ ਕੀਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਅਜਿਹੇ ਕਾਰਜਾਂ ਲਈ ਤਿਆਰ ਰਹਿਣ।
ਉਨ੍ਹਾਂ ਕਿਹਾ ਕਿ ਸਰਕਾਰੀ ਸਹਾਇਤਾ ਦੇ ਨਾਲ-ਨਾਲ ਆਮ ਆਦਮੀ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸ਼ਮੂਲੀਅਤ ਤੋਂ ਬਿਨਾ ਅਜਿਹੀਆਂ ਬਿਪਤਾਵਾਂ ਨਾਲ ਨਿਜੱਠਣਾ ਕਠਿਨ ਕਾਰਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਵਿਸ਼ੇ ਦੇ ਨਾਲ-ਨਾਲ ਬਿਪਤਾ ਪ੍ਰਬੰਧਨ ਵਿਚ ਵੀ ਦਿਲਚਸਪੀ ਲੈਣ ਅਤੇ ਵਿਦਿਆਰਥੀਆਂ ਨੂੰ ਲੋੜੀਂਦੀ ਸਿਖਲਾਈ ਦੇਣ।
ਇਸ ਤੋਂ ਪਹਿਲਾਂ ਪ੍ਰੋ. ਨਾਗਪਾਲ ਨੇ ਦੱਸਿਆ ਕਿ ਇਸ ਰਿਫਰੈਸ਼ਰ ਕੋਰਸ ਵਿਚ ਵਿਦਵਾਨਾਂ ਵਲੋਂ ਗਿਆਨ ਭਰਪੂਰ ਲੈਕਚਰ ਦਿੱਤੇ ਜਾਣਗੇ। ਉਨ੍ਹਾਂ ਕੋਰਸ ਕਰਨ ਆਏ ਅਧਿਆਪਕਾਂ ਨੂੰ ਕਿਹਾ ਕਿ ਕੋਰਸ ਦੌਰਾਨ ਪ੍ਰਾਪਤ ਹੋਣ ਵਾਲੇ ਗਿਆਨ ਨੂੰ ਉਹ ਆਪਣੇ ਵਿਦਿਆਰਥੀਆਂ, ਸਹਿਯੋਗੀਆਂ ਅਤੇ ਪੂਰੇ ਸਮਾਜ ਨਾਲ ਸਾਂਝਾ ਕਰਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media