ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਰਨਗੇ ਉਦਘਾਟਨ
ਕਪੂਰਥਲਾ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਬਾਗਬਾਨੀ ਵਿਭਾਗ ਵਲੋਂ ਆਈ.ਕੇ ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ 10 ਦਸੰਬਰ ਨੂੰ ਸੂਬਾ ਪੱਧਰੀ ਬਾਗਬਾਨੀ ਸੰਮੇਲਨ ਦੀਆਂ ਤਿਆਰੀਆਂ ਮੁੁਕੰਮਲ ਕਰ ਲਈਆਂ ਗਈਆਂ ਹਨ।ਸੰਮੇਲਨ ਦਾ ਉਦਘਾਟਨ ਸੂਬੇ ਦੇ ਬਾਗਬਾਨੀ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਕਰਨਗੇ।
ਸੰਮੇਲਨ ਦੌਰਾਨ ਜਿੱਥੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਤੇ ਖੇਤੀ ਦੇ ਹੋਰ ਸਹਾਇਕ ਧੰਦਿਆਂ ਜਿਵੇਂ ਕਿ ਮਧੂ ਮੱਖੀ ਪਾਲਣ, ਸਬਜ਼ੀਆਂ ਦੀ ਕਾਸ਼ਤ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਦੇਸ਼ ਭਰ ਤੋਂ ਬਾਗਬਾਨੀ ਦੇ ਮਾਹਿਰਾਂ ਤੋਂ ਇਲਾਵਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਵੀ ਭਾਗ ਲੈਣਗੇ।
ਕਿਸਾਨਾਂ ਨੂੰ ਬਾਗਬਾਨੀ ਦੇ ਖੇਤਰ ਵਿਚ ਮੌਜ਼ੂਦ ਸੰਭਾਵਨਾਵਾਂ ਤੇ ਰਵਾਇਤੀ ਫਸਲੀ ਚੱਕਰ ਦੇ ਮੁਕਾਬਲੇ ਬਾਗਬਾਨੀ ਰਾਹੀਂ ਵੱਧ ਲਾਭ ਕਮਾਉਣ ਦੇ ਤਰੀਕਿਆਂ ਬਾਰੇ ‘ਤਕਨੀਕੀ ਸ਼ੈਸ਼ਨ’ ਵੀ ਹੋਵੇਗਾ।‘ਫਾਰਮਰ ਸ਼ੈਸ਼ਨ’ ਵਿਚ ਪੰਜਾਬ ਭਰ ਤੋਂ ਆਏ ਕਿਸਾਨ ਮਾਹਿਰਾਂ ਨਾਲ ਸਿੱਧਾ ਰਾਬਤਾ ਵੀ ਕਾਇਮ ਅਤੇ ਫੁਹਾਰਾ ਤਕਨੀਕ ਰਾਹੀਂ ਪਾਣੀ ਦੀ ਬਚਤ, ਪੌਲੀਹਾਊਸ ਆਦਿ ਉੱਪਰ ਵਿਭਾਗ ਵਲੋਂ ਕਿਸਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਬਾਰੇ ਵੀ ਕਿਸਾਨ ਜਾਣਕਾਰੀ ਹਾਸਿਲ ਕਰ ਸਕਣਗੇ। ਬਾਗਬਾਨੀ ਤੋਂ ਇਲਾਵਾ ਖੇਤੀਬਾੜੀ ਤੇ ਹੋਰਨਾਂ ਵਿਭਾਗਾਂ ਵਲੋਂ ਨਵੀਨਤਮ ਬਾਗਬਾਨੀ ਦੀ ਮਸ਼ੀਨਰੀ, ਮਾਰਕੀਟਿੰਗ ਬਾਰੇ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ।
ਕਪੂਰਥਲਾ ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਬਾਗਬਾਨੀ ਸੰਮੇਲਨ ਤੇ ਵਿਭਾਗ ਵਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਉਣ ਲਈ ਇਕ ਚਲਦੀ-ਫਿਰਦੀ ਪ੍ਰਦਰਸ਼ਨੀ ਦੀ ਵੀ ਅੱਜ ਸ਼ੁਰੂਆਤ ਕੀਤੀ ਗਈ।