ਚੰਨੀ ਸਰਕਾਰ ਕਰਜ਼ਾ ਮੁਆਫੀ, ਬੇਰੁਜ਼ਗਾਰੀ, ਨਸ਼ਾਬੰਦੀ, ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਦਾ ਕੋਈ ਹੱਲ ਨਹੀਂ – ਕਿਸਾਨ ਆਗੂ
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਰਣਜੀਤ ਸਿੰਘ ਕਲੇਰਬਾਲਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੱਜ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ ਸ਼ਹੀਦ ਪਰਿਵਾਰਾਂ ਨੂੰ ਪ੍ਰਸਾਸ਼ਨ ਵਲੋਂ ਮੁਆਵਜ਼ਾ ਦਿੱਤਾ ਗਿਆ।ਇਹਨਾਂ ਵਿੱਚ ਰਤਨ ਸਿੰਘ ਕੋਟਲੀ, ਕੁਲਵੰਤ ਸਿੰਘ ਮਹਿਸਮਪੁਰ, ਨਰਿੰਦਰ ਕੌਰ ਵੱਲਾ, ਸਿਮਰਨਜੀਤ ਕੌਰ ਵੱਲਾ, ਨਰਿੰਦਰ ਕੌਰ ਵੱਲਾ, ਮੰਗਲ ਸਿੰਘ ਨੰਗਲੀ, ਮਨਜੀਤ ਸਿੰਘ ਖੰਡਵਾਲਾ ਆਦਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈਕ ਅਤੇ ਸੁਦਾਗਰ ਸਿੰਘ ਕਲੇਰ ਘੁਮਾਣ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਗਈ।ਇਸ ਤੋਂ ਇਲਾਵਾ ਤਰਨਤਾਰਨ ਦੇ ਸ਼ਹੀਦ ਜਸਵਿੰਦਰ ਸਿੰਘ ਡੱਲ ਅਤੇ ਹਰਜਿੰਦਰ ਸਿੰਘ ਸੰਗਮ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਗਿਆ।ਇਸ ਦੇ ਨਾਲ ਹੀ ਤਰਨਤਾਰਨ, ਫਿਰੋਜ਼ਪੁਰ, ਜਲੰਧਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਪਹਿਲਾਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀਆਂ ਨੌਕਰੀਆਂ ਰਹਿੰਦੀਆਂ ਸਨ ਉਸ ਬਾਰੇ ਸਰਕਾਰ ਕੰਮ ਕਰ ਰਹੀ ਹੈ।ਬਾਸਮਤੀ ਦੇ ਮੁਆਵਜ਼ੇ ਅਤੇ ਪੁਲਿਸ ਕੇਸਾਂ ਬਾਰੇ ਵੀ ਗੱਲ ਨੇੜੇ ਲੱਗੀ ਹੈ।ਆਗੂਆਂ ਨੇ ਕਿਹਾ ਕਿ ਜੇਕਰ ਚੰਨੀ ਸਰਕਾਰ ਤੇਜ਼ੀ ਨਾਲ ਕੰਮ ਕਰਦੀ ਹੈ ਤਾਂ ਸਮਝੌਤੇ ਬਾਰੇ ਜਥੇਬੰਦੀ ਦੀ ਸੂਬਾ ਕਮੇਟੀ ਫੈਸਲਾ ਕਰੇਗੀ।ਬਾਕੀ ਮਸਲਿਆਂ ‘ਤੇ ਮੁੱਖ ਮੰਤਰੀ ਨਾਲ ਮੀਟਿੰਗ ਹੋ ਸਕਦੀ ਹੈ।ਜਥੇਬੰਦੀ ਦੀ ਅਗਵਾਈ ਹੇਠ ਪੂਰੇ ਸੂਬੇ ਵਿਚ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 6ਵੇਂ ਦਿਨ ਵਿੱਚ ਦਾਖਲ ਹੋ ਗਿਆ।ਆਗੂਆਂ ਨੇ ਕਿਹਾ ਕਿ ਚੰਨੀ ਸਰਕਾਰ ਰੇਲ ਪਟੜੀਆਂ ਉੱਤੇ ਬੈਠੇ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ਦੀ ਪ੍ਰੇਸ਼ਾਨੀ ਅਤੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਕਰਕੇ ਮਸਲਿਆਂ ਦਾ ਹੱਲ ਕਰੇ।