ਲੋਹੜੀ ਦਾ ਜਦ ਆਉਂਦਾ ਤਿਉਹਾਰ,
ਚੇਤੇ ਕਰਾਉਂਦਾ ਸਾਡਾ ਸਭਿਆਚਾਰ।
ਲੋਹੜੀ ਮਨਾਉਣ ਪਿੱਛੇ ਗੱਲਾਂ ਕਈ,
ਪੋਹ ਦੇ ਆਖਰੀ ਦਿਨ ਆਏ ਬਈ।
ਅਮੀਰਾਂ ਲੋਕਾਂ ਅੱਤ ਪਈ ਸੀ ਚੱਕੀ,
ਤਾਂਹਿਓ ਲੁੱਟਣ ਲੱਗਿਆ ਦੁੱਲਾ ਭੱਟੀ।
ਗਰੀਬਾਂ ਵਿੱਚ ਵੰਡਦਾ ਲੁੱਟਿਆ ਪੈਸਾ,
ਡਾਕੂ ਵੇਖਿਆ ਨਾ ਕੋਈ ਦੁਲੇ ਜੈਸਾ।
ਸੁੰਦਰ ਮੁੰਦਰੀ ਦਾ ਕਰਿਆ ਵਿਆਹ,
ਜਿਨ੍ਹਾਂ ‘ਤੇ ਲੋਕਾਂ ਰੱਖੀ ਮਾੜੀ ਨਿਗਾਹ।
ਬ੍ਰਾਹਮਣ ਵਿਚਾਰਾ ਸੀ ਬੜਾ ਗਰੀਬ,
ਦੁਲੇ ਨੇ ਬਦਲ ਦਿੱਤੇ ਉਹਦੇ ਨਸੀਬ।
ਵਿਆਹ ਵੇਲੇ ਜਿਹੜੀ ਬਾਲੀ ਅੱਗ,
ਲੋਹੜੀ ਮਨਾ ਯਾਦ ਕਰਦੇ ਆਂ ਅੱਜ।
ਲੋਹੜੀ ਨੂੰ ਅਗਨੀ ਬਾਲਣ ਦੀ ਰੀਤ,
ਦੁਲੇ ਦੀ ਬਹਾਦਰੀ ਦੇ ਗੂੰਜਣ ਗੀਤ।
ਸਮਾਜ ਵਿੱਚ ਖੂਬ ਨਾਮ ਕਮਾਇਆ,
ਮੁਗਲ ਸ਼ਾਸ਼ਕਾਂ ਨਾਲ ਮੱਥਾ ਲਾਇਆ।
ਸ਼ਾਮ ਨੂੰ ਇਕੱਠੇ ਹੋ ਸਭ ਮੱਥਾ ਟੇਕਦੇ,
ਕਰੀ ਜਾਣ ਗੱਲਾਂ ਨਾਲੇ ਧੂਣੀ ਸੇਕਦੇ।
ਭੋਗ ਵਿੱਚ ਮੂੰਗਫਲੀ, ਗੱਚਕ ਤੇ ਗੁੜ,
ਗਾਜ਼ਰਪਾਕ, ਭੁੱਗਾ ਮਿਲਣ ਮੁੜ-ਮੁੜ।
ਲੋਹੜੀ ਤੇ ਲੋਕੀ ਡੀ.ਜੇ ਨੇ ਲਾਉਂਦੇ,
ਦੇਰ ਰਾਤ ਤੱਕ ਭੰਗੜੇ ਹਨ ਪਾਉਂਦੇ।
ਇਸਤਰੀਆਂ ਵੀ ਨੇ ਬੋਲੀ ਪਾਉਂਦੀਆਂ,
ਕਿਹੜਾ ਕਿਸੇ ਤੋਂ ਘੱਟ ਕਹਾਉਂਦੀਆਂ।
ਲੋਹੜੀ ਵੇਲੇ ਆਏ ਮੌਸਮੀ ਬਦਲਾਅ,
ਠੰਡ ਦੇ ਜੋਸ਼ ‘ਚ ਆਉਂਦਾ ਠਹਿਰਾਅ।
‘ਚਮਨ’ ਮੁੰਡੇ ਕੁੜੀ ਦਾ ਫਰਕ ਮਿਟਾਓ,
ਕੁੜੀ ਦੇ ਜਨਮ ਦੀ ਵੀ ਲੋਹੜੀ ਮਨਾਓ।
ਕੁਦਰਤ ਦੀ ਨਜ਼ਰ ‘ਚ ਦੋਵੇਂ ਇਕਸਾਰ,
ਗਲਤੀਆਂ ਆਪਣੀਆਂ ਨੂੰ ਲਓ ਸੁਧਾਰ।14012022
ਚਮਨਦੀਪ ਸ਼ਰਮਾ
ਪਟਿਆਲਾ।ਮੋ – 95010 33005