ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰੋਟੋਕਾਲ ਹੋ ਰਹੀ ਹੈ ਪਾਲਣਾ – ਡਾ. ਐਸ.ਕਰੁਣਾ ਰਾਜੂ
ਪਠਾਨਕੋਟ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਐਸ.ਐਮ.ਡੀ.ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਬਣਾਏ ਸਟਰਾਂਗ ਰੂਮਾਂ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।ਉਨ੍ਹਾਂ ਨਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਯਮ ਅਗਰਵਾਲ, ਐਸ.ਐਸ.ਪੀ ਪਠਾਨਕੋਟ ਸੁਰਿੰਦਰਾ ਲਾਂਬਾ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ ਧਾਰਕਲ੍ਹਾ-ਕਮ-ਰਿਟਰਨਿੰਗ ਅਫਸਰ 001 ਸੁਜਾਨਪੁਰ, ਸੁਭਾਸ਼ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਰਿਟਰਨਿੰਗ ਅਫ਼ਸਰ 002-ਭੋਆ (ਅ.ਜ), ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ-ਕਮ-ਰਿਟਰਨਿੰਗ ਅਫਸਰ 003 ਪਠਾਨਕੋਟ, ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ), ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ-ਕਮ-ਨੋਡਲ ਅਫਸਰ ਐਮ.ਸੀ.ਐਮ.ਸੀ ਪਠਾਨਕੋਟ, ਸਤੀਸ਼ ਕੁਮਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਵੀ ਮੌਜ਼ੂਦ ਸਨ।
ਸਟਰਾਂਗ ਰੂਮ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਬਣਾਏ ਸਟਰਾਂਗ ਰੂਮਾਂ ਦੀ ਸੁਰੱਖਿਆ ਸਬੰਧੀ ਪ੍ਰੋਟੋਕਾਲ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।ਇਥੇ ਸੈਂਟਰ ਆਰਮਡ ਪੁਲਿਸ ਫੋਰਸ (ਸੀ.ਏ.ਪੀ.ਐਫ) ਨੂੰ ਤਾਇਨਾਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਾਰੇ ਸਟਰਾਂਗ ਰੂਮਾਂ ਦੀ ਬਰੀਕੀ ਨਾਲ 24 ਘੰਟੇ ਨਿਗਰਾਨੀ ਰੱਖਣ ਲਈ ਸੀ.ਸੀ.ਟੀ.ਵੀ ਕੈਮਰਿਆਂ ਸਮੇਤ ਐਲ.ਈ.ਡੀ ਸਕਰੀਨਾਂ ਵੀ ਲਗਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਉਮੀਦਵਾਰਾਂ ਲਈ ਸਟਰਾਂਗ ਰੂਮਾਂ ਤੋਂ ਬਾਹਰ ਪੰਡਾਲ ਲਗਾ ਕੇ ਐਲ.ਈ.ਡੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਇਸ ਲਈ ਸਾਰੇ ਉਮੀਦਵਾਰ ਸਮੇਂ-ਸਮੇਂ ’ਤੇ ਸੁਰੱਖਿਆ ਪ੍ਰਬੰਧ ਦੇਖਦੇ ਰਹਿਣ।
ਡਾ. ਐਸ. ਕਰੁਣਾ ਰਾਜੂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਾਰ ਚੋਣ ਪ੍ਰਕਿਰਿਆ ਵਿਚ ਕੋਵਿਡ-19 ਪ੍ਰੋਟੋਕਾਲ ਨੂੰ ਯਕੀਨੀ ਬਣਾਇਆ ਗਿਆ ਹੈ।ਆਦਰਸ਼ ਚੋਣ ਜ਼ਾਬਤੇ ਦੇ ਚੱਲਦਿਆਂ ਪੂਰੇ ਪੰਜਾਬ ‘ਚ ਪੋਲਿੰਗ ਦੌਰਾਨ 33 ਐਫ.ਆਈ.ਆਰ ਦਰਜ਼ ਕੀਤੀਆਂ ਗਈਆਂ ਹਨ।ਵਧੇਰੇ ਮਾਮਲੇ ਨਾਰਕੋਟਿਕਸ, ਐਕਸਾਈਜ਼ ਆਦਿ ਨਾਲ ਸਬੰਧਤ ਹਨ।ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਈ.ਵੀ.ਐਮ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਆਜ਼ਾਦ, ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਚੋਣਾਂ ਕਰਵਾਈਆਂ ਗਈਆਂ ਹਨ ਅਤੇ 10 ਮਾਰਚ ਨੂੰ ਵੀ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ।
ਡਿਪਟੀ ਕਮਿਸਨਰ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ 3 ਵਿਧਾਨ ਸਭਾ ਹਲਕਿਆਂ ਲਈ ਬਣਾਏ ਸਟਰਾਂਗ ਰੂਮਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਿਆ ਜਾਵੇ।