ਸੰਗਰੂਰ, 9 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸ਼ਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਆਈ.ਸੀ.ਏ.ਆਰ ਅਟਾਰੀ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਥਾਨਕ ਖੇੜੀ ਕੇਂਦਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਸੈਲਫ-ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਅਤੇ ਕਈ ਪਿੰਡਾਂ ਦੀਆਂ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।ਡਾ. ਰਾਜਬੀਰ ਸਿੰਘ ਡਾਇਰੈਕਟਰ ਆਈ.ਸੀ.ਏ.ਆਰ-ਅਟਾਰੀ ਜ਼ੋਨ-1 ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਔਰਤਾਂ ਨੂੰ ਸਵੈ-ਨਿਰਭਰ ਹੋਣ ਲਈ ਪ੍ਰੇਰਿਆ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਤੋਂ ਵੱਖ-ਵੱਖ ਸਹਾਇਕ ਧੰਦਿਆਂ ਦੀ ਸਿਖਲਾਈ ਲੈਣ ਉਪਰੰਤ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ।ਉਨ੍ਹਾਂ ਨੇ ਅਗਾਂਹਵਧੂ ਔਰਤਾਂ ਦੀ ਸਫ਼ਲਤਾ ਦੀ ਕਹਾਣੀ ਵੀ ਸਾਂਝੀ ਕੀਤੀ।
ਸ੍ਰੀਮਤੀ ਹਰਪ੍ਰੀਤ ਕੌਰ ਨੂੰ ਮੁਰਗੀ ਪਾਲਣ, ਅਮਨਦੀਪ ਕੌਰ ਨੂੰ ਖੇਤੀਬਾੜੀ, ਸਵਿਤਾ ਰਾਣੀ ਨੂੰ ਖੁੰਬਾਂ ਦੀ ਕਾਸ਼ਤ, ਚੰਨਪ੍ਰੀਤ ਕੌਰ ਨੂੰ ਕੱਪੜਿਆਂ ਦੀ ਬੁਟੀਕ਼ ਅਤੇ ਸ੍ਰੀਮਤੀ ਸੰਦੀਪ ਕੌਰ ਨੂੰ ਜੈਵਿਕ ਖੇਤੀ ਅਤੇ ਭੀਮ ਰਾਓ ਅੰਬੇਦਕਰ ਗਰੁੱਪ (ਚੰਗਾਲੀ ਵਾਲਾ ਅਤੇ ਗੋਬਿੰਦਪੁਰ ਖੋਖਰ) ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।ਹਾਜ਼ਰ ਕਿਸਾਨਾਂ ਅਤੇ ਪੇਂਡੂ ਔਰਤਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ. ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਨੇ ਔਰਤਾਂ ਦੇ ਸਸ਼ਕਤੀਕਰਨ ਕਰਨ ਲਈ ਕੇ.ਵੀ.ਕੇ ਦੀ ਭੂਮਿਕਾ ‘ਤੇ ਚਾਨਣਾ ਪਾਇਆ।ਉਨ੍ਹਾਂ ਕਿਸਾਨ ਬੀਬੀਆਂ ਅਤੇ ਭੈਣਾਂ ਨੂੰ ਕੇਂਦਰ ਵਿਖੇ ਲਗਾਏ ਜਾ ਰਹੇ ਗ੍ਰਹਿ ਪ੍ਰਬੰਧ ਅਤੇ ਸਹਾਇਕ ਧੰਦਿਆਂ ਦੇ ਸਿਖਲਾਈ ਕੋਰਸਾਂ ਬਾਰੇ ਵੀ ਦੱਸਿਆ।
ਡਾ. ਰਵਿੰਦਰ ਕੌਰ ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਪੇਂਡੂ ਸੁਆਣੀਆਂ ਨੂੰ ਘਰੇਲੂ ਸਬਜ਼ੀ ਬਗੀਚੀ ਅਤੇ ਫਲਦਾਰ ਬੂਟੇ ਲਗਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨਮੀਤ ਕੌਰ ਅਤੇ ਡਾ. ਅਮਨਦੀਪ ਕੌਰ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਦੱਸਿਆ।ਅੰਤ ‘ਚ ਪ੍ਰੋਗਰਾਮ ਵਿੱਚ ਸ਼ਾਮਲ ਸਮੂਹ ਮਹਿਲਾਵਾਂ ਨੂੰ ਫਲਦਾਰ ਬੂਟੇ ਵੰਡੇ ਗਏ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …