Friday, December 27, 2024

ਖ਼ਾਲਸਾ ਕਾਲਜ ਵਿਖੇ 9 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਸੰਪਨ

ਮੇਲੇ ਦੌਰਾਨ 9 ਦਿਨਾਂ ’ਚ ਵਿਕੀਆਂ ਲਗਪਗ ਸਵਾ ਕਰੋੜ ਦੀਆਂ ਪੁਸਤਕਾਂ

ਅੰਮ੍ਰਿਤਸਰ, 13 ਮਾਰਚ (ਖੁਰਮਣੀਆਂ)- ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਹਿਯੋਗ ਨਾਲ ਚੱਲ ਰਿਹਾ 9 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2022 ਅੱਜ ਅਮਿੱਟ ਯਾਦਾਂ ਬਿਖੇਰਦਾ ਹੋਇਆ ਸੰਪਨ ਹੋ ਗਿਆ। 9 ਦਿਨਾਂ ’ਚ ਅੰਦਾਜ਼ਨ ਕਰੀਬ ਸਵਾ ਕਰੋੜ ਦੀਆਂ ਕਿਤਾਬਾਂ ਦੀ ਵਿਕਰੀ ਹੋਈ।ਵੱਖ-ਵੱਖ ਪੁਸਤਕ ਵਿਕ੍ਰੇਤਾਵਾਂ ਅਨੁਸਾਰ ਇਸ ਵਾਰ ਦੇ ਪੁਸਤਕ ਮੇਲੇ ਵਿਚ ਸ਼ਾਇਰੀ ਦੀਆਂ ਕਿਤਾਬਾਂ ਦੀ ਭਾਰੀ ਮੰਗ ਰਹੀ।ਇਸ ਦੇ ਨਾਲ ਹੀ ਗਿਆਨ ਮੂਲਕ ਵਾਰਤਕ ਤੇ ਸਾਹਿਤ ਵੀ ਪੂਰੇ ਉਤਸ਼ਾਹ ਨਾਲ ਖ਼ਰੀਦਿਆ ਗਿਆ।
                  ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਸਿਖਰਲਾ ਦਿਨ ਸਾਹਿਤਕ ਗਾਇਕੀ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਮ ਰਿਹਾ।ਦਿਨ ਦੀ ਸ਼ੁਰੂਆਤ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ ਆਪਣੀ ਸਿਰਜਣਾ ਦੇ ਮੁਢਲੇ ਸਾਲਾਂ ਤੋਂ ਹੀ ਸਮੁੱਚੇ ਪੰਜਾਬੀਆਂ ਦੀ ਅਗਵਾਈ ਕਰਦਾ ਆਇਆ ਹੈ।ਅੱਜ ਪੰਜਾਬੀ ਬੰਦਾ ਕਿਰਤ ਅਤੇ ਸ਼ਬਦ ਨਾਲੋਂ ਟੁੱਟ ਰਿਹਾ ਹੈ ਅਤੇ ਇਹ ਪੁਸਤਕ ਮੇਲੇ ਨੇ ਪੰਜਾਬੀਆਂ ਨੂੰ ਸ਼ਬਦ ਅਤੇ ਕਿਰਤ ਨਾਲ ਜੋੜਨ ਦਾ ਸੰਦੇਸ਼ ਦੇ ਗਿਆ ਹੈ।ਸਾਡੇ ਵਿਦਵਾਨ ਅਤੇ ਸਾਹਿਤਕਾਰ ਇਹਨਾਂ ਨੌਂ ਦਿਨਾਂ ਵਿਚ ਸਿਰਜੋੜ ਕੇ ਪੰਜਾਬ ਦੇ ਚੰਗੇ ਭਵਿੱਖ ਲਈ ਵਿਚਾਰ ਚਰਚਾ ਕਰਦੇ ਰਹੇ ਹਨ।ਵਿਦਿਆਰਥੀਆਂ ਨੇ ਇਸ ਮੇਲੇ ਵਿਚ ਜਿਥੇ ਭਾਰੀ ਮਾਤਰਾ ਵਿੱਚ ਪੁਸਤਕਾਂ ਖਰੀਦੀਆਂ ਹਨ ਉਥੇ ਪੰਜਾਬ ਦੇ ਚੋਟੀ ਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਨੂੰ ਸੁਣਿਆ ਵੀ ਹੈ।
ਹਰਿੰਦਰ ਸੋਹਲ ਨੇ ਵੱਖ-ਵੱਖ ਚਰਚਿਤ ਪੰਜਾਬੀ ਲੇਖਕਾਂ ਦੀਆਂ ਚਰਚਿਤ ਰਚਨਾਵਾਂ ਨੂੰ ਸੁਰ, ਸੰਗੀਤ ਤੇ ਤਾਲ ਨਾਲ ਪੇਸ਼ ਕਰਕੇ ਸਾਹਿਤਕ ਗਾਇਕੀ ਦਾ ਮਾਹੌਲ ਸਿਰਜਿਆ।ਉਨ੍ਹਾਂ ਦੇ ਨਾਲ-ਨਾਲ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸੰਗੀਤ ਅਧਿਆਪਕ ਪ੍ਰੋ. ਜਤਿੰਦਰ ਸਿੰਘ ਦੀ ਅਗਵਾਈ ਵਿੱਚ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਹਰਿਭਜਨ ਸਿੰਘ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਗਾਇਨ ਕਰਕੇ ਕਾਲਜ ਦੀ ਫਿਜ਼ਾ ਵਿਚ ਸਾਹਿਤਕ ਰੰਗ ਭਰ ਦਿੱਤਾ।ਵਿਦਿਆਰਥਣ ਅੰਮ੍ਰਿਤਪਾਲ ਕੌਰ ਨੇ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ, ਇਕ ਮੇਰੀ ਅੱਖ ਕਾਸ਼ਨੀ ਗੀਤ ਗਾਏ।ਵਿਦਿਆਰਥੀਆਂ ਕਿਰਤ ਤੇ ਸੁਸ਼ੀਲ ਨੇ ਝੌਕ, ਵਾਰ, ਜੱਗਾ ਰਵਾਇਤੀ ਰੰਗ ਵਿਚ ਪੇਸ਼ ਕੀਤੇ। ਵਿਦਿਆਰਥੀ ਅਮਨਜੋਤ ਸਿੰਘ ਨੇ ਬੋਲ ਮਿੱਟੀ ਦੇ ਬਾਵਿਆ ਗੀਤ ਨਾਲ ਖ਼ੂਬ ਵਾਹ-ਵਾਹੀ ਖੱਟੀ।ਪ੍ਰਭਜੋਤ ਸਿੰਘ ਨੇ ਘੜਾ ਗੀਤ ਗਾ ਕੇ ਪੰਜਾਬੀ ਲੋਕ ਗਾਇਕੀ ਦਾ ਅੰਦਾਜ਼ ਦਿਖਾਇਆ।ਬਾਅਦ ਵਿੱਚ ਪੰਜਾਬੀ ਗਾਇਕੀ ਦੇ ਵਿਰਾਸਤੀ ਰੰਗ ਪੇਸ਼ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਢਾਡੀ, ਕਵੀਸ਼ਰੀ ਤੇ ਹੋਰ ਵੰਨਗੀਆਂ ਦੇ ਰੰਗ ਪੇਸ਼ ਕੀਤੇ।ਨਾਮਵਰ ਗਾਇਕਾਂ ਅਜੈ ਔਲਖ ਤੇ ਜਰਨੈਲ ਰੱਤੋਕੇ ਨੇ ਆਪਣੇ ਚਰਚਿਤ ਗੀਤਾਂ ਨਾਲ ਹਾਜ਼ਰੀ ਲੁਆਈ ਤੇ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਆਰਿਸ਼ ਨੇ ਆਪਣੇ ਗੀਤਾਂ ਦੀ ਛਹਿਬਰ ਲਾਈ।
                      ਵਿਦਾਇਗੀ ਸਮਾਰੋਹ ਵਿੱਚ ਜਿਥੇ ਪੰਜਾਬੀ ਪੁਸਤਕਾਂ ਦੇ ਸਟਾਲ ਲਗਾਉਣ ਵਾਲੇ ਪਬਲਿਸ਼ਰਾਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ, ਉਥੇ ਇਸ ਮੇਲੇ ਨੂੰ ਸਫਲ ਬਣਾਉਣ ਵਿਚ ਹਿੱਸਾ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਵਿਦਿਆਰਥੀਆਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਪਨ ਸਮਾਰੋਹ ਦੌਰਾਨ ਧੰਨਵਾਦ ਕਰਦਿਆਂ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਕਿਹਾ ਕਿ ਨੈਸ਼ਨਲ ਬੁੱਕ ਟਰੱਸਟ, ਪੰਜਾਬ ਕਲਾ ਪਰੀਸ਼ਦ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨੇ ਇਸ ਉਤਸਵ ਨੂੰ ਵਿਸ਼ਾਲ ਬਣਾ ਦਿੱਤਾ।ਉਤਸਵ ਦੇ ਆਯੋਜਨ ਲਈ ਮਿਲੇ ਅਥਾਹ ਸਹਿਯੋਗ ਤੇ ਮਾਰਗ-ਦਰਸ਼ਨ ਲਈ ਉਨ੍ਹਾਂ ਖ਼ਾਲਸਾ ਕਾਲਜ ਗਵਰਨਿੰਗ ਕਾਊਂਸਲ ਦੇ ਸਮੂਹ ਅਹੁੱਦੇਦਾਰਾਂ ਦਾ ਸ਼ੁਕਰਾਨਾ ਅਦਾ ਕੀਤਾ।ਉਨਾਂ ਕਿਹਾ ਕਿ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਸਟਾਫ਼ ਤੇ ਬਾਕੀ ਵਿਭਾਗਾਂ ਦੇ ਸਹਿਯੋਗ ਨਾਲ ਹੀ ਇਹ ਉਤਸਵ ਆਪਣਾ ਮੁਕਾਮ ਹਾਸਲ ਕਰ ਸਕਿਆ ਹੈ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …