Thursday, September 19, 2024

ਪੰਜਾਬੀ ਥਿਏਟਰ ਅਕੈਡਮੀ ਯੂ.ਕੇ ਤੇ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦਾ ਥਿਏਟਰ ਫੈਸਟੀਵਲ ਸੰਪਨ

ਪੰਜਾਬੀ ਥਿਏਟਰ ਅਕੈਡਮੀ ਯੂ.ਕੇ ਅਤੇ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ (ਸੋਨਾ ਅਕੈਡਮੀ) ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ 11,12 ਅਤੇ 13 ਮਾਰਚ ਨੂੰ ਤਿੰਨ ਦਿਨਾਂ ਥਿਏਟਰ ਫੈਸਟੀਵਲ ਕਰਵਾਇਆ ਗਿਆ।ਫੈਸਟੀਵਲ ਦੇ ਸਾਰੇ ਨਾਟਕਾਂ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।
ਪਹਿਲੇ ਦਿਨ ਸ਼੍ਰੀ ਗੁਰੂ ਤੇਗ ਬਹਦੁਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਜਿੰਦਰ ਸਿੰਧਰਾ ਦਾ ਲਿਖਿਆ “ਹਿੰਦ ਦਾ ਰਾਖਾ” ਨਰਿੰਦਰ ਸਾਂਘੀ ਅਤੇ ਤਜਿੰਦਰ ਸਿੰਧਰਾ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ, ਜਿਸਦਾ ਸੰਗੀਤ ਹਰਿੰਦਰ ਸੋਹਲ ਦੁਆਰਾ ਤਿਆਰ ਕੀਤਾ ਗਿਆ।ਇਹ ਨਾਟਕ ਰੋਸ਼ਨੀ ਅਤੇ ਆਵਾਜ਼ ‘ਤੇ ਆਧਾਰਿਤ ਸੀ।
                   ਫੈਸਟੀਵਲ ਦੇ ਦੂਜੇ ਦਿਨ ਨਾਟਕ “ਦੁੱਲੇ ਦੀ ਮੁਹੱਬਤ” ਖੇਡਿਆ ਗਿਆ।ਇਹ ਨਾਟਕ ਪੰਜਾਬ ਦੇ ਪ੍ਰਸਿੱਧ ਲੋਕ ਨਾਇਕ ਦੁੱਲੇ ਦੀ ਬਹਾਦਰੀ ਅਤੇ ਮੁਗ਼ਲ ਬਾਦਸ਼ਾਹ ਅਕਬਰ ਦੇ ਤਖ਼ਤ ਨੂੰ ਹਿਲਾ ਦੇਣ ਦੇ ਨਾਲ-ਨਾਲ ਦੁੱਲੇ ਦੀ ਮੁਹੱਬਤ ਅਤੇ ਨੂਰਾਂ ਨਾਲ ਇਸ਼ਕ ਨੂੰ ਵੀ ਦਰਸਾ ਗਿਆ।ਲੇਖਕ ਤਜਿੰਦਰ ਸਿੰਧਰਾ ਨੇ ਦੱਸਿਆ ਕਿ ਉਹਨਾਂ ਨੇ ਯੂ.ਕੇ ਤੋਂ ਹੀ ਜ਼ੂਮ ਦੇ ਰਾਂਹੀ ਸੋਨਾ ਅਕੈਡਮੀ ਦੇ ਕਲਾਕਾਰਾਂ ਨਾਲ ਲਗਾਤਾਰ ਰਿਹਰਸਲਾਂ ਵੀ ਕੀਤੀਆਂ ਤੇ ਇਸੇ ਦੌਰਾਨ ਸਕਰਿਪਟ ਵੀ ਤਿਆਰ ਕੀਤੀ।ਦਰਸ਼ਕਾਂ ਦੀ ਕਸਵੱਟੀ ਤੇ ਖਰਾ ਉਤਰਨ ਵਾਲਾ ਇਹ ਨਾਟਕ ਦਲਜੀਤ ਸੋਨਾ ਅਤੇ ਤਜਿੰਦਰ ਸਿੰਧਰਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ।ਨਾਟਕ ਦੇ ਖੂਬਸੂਰਤ ਗੀਤ ਦਲਜੀਤ ਸੋਨਾ ਨੇ ਲਿਖੇ ਅਤੇ ਇਸ ਦਾ ਸੰਗੀਤ ਤਜਿੰਦਰ ਕਾਕਾ ਨੇ ਤਿਆਰ ਕੀਤਾ।ਇਸ ਨਾਟਕ ਦੇ ਗੀਤਾਂ ਨੂੰ ਦਲਜੀਤ ਸੋਨਾ ਅਤੇ ਜਸਲੀਨ ਕੌਰ ਨੇ ਗਾਇਆ। ਤਜਿੰਦਰ ਸਿੰਧਰਾ ਨੇ ਦੱਸਿਆ ਕਿ ਉਹ “ਦੁੱਲੇ ਦੀ ਮੁਹੱਬਤ” ਨਾਟਕ ਦੇ ਕੁੱਝ ਸ਼ੋਅ ਇੰਗਲੈਂਡ ਵਿੱਚ ਵੀ ਬਹੁਤ ਜਲਦੀ ਹੀ ਕਰਵਾਉਣਗੇ।
                  ਤੀਸਰਾ ਤੇ ਆਖ਼ਰੀ ਨਾਟਕ “ਇੰਡੀਆ ਗੇਟ” ਤਜਿੰਦਰ ਸਿੰਧਰਾ ਅਤੇ ਹਾਵਰਡ ਸ਼ੈਫ਼ਰਡਸਨ ਦੁਆਰਾ ਸਾਂਝੇ ਤੌਰ ਤੇ ਲਿਖਿਆ ਗਿਆ ਹੈ।ਇਸ ਨਾਟਕ ਦਾ ਨਿਰਦੇਸ਼ਨ ਵੀ ਦਲਜੀਤ ਸੋਨਾ ਅਤੇ ਤਜਿੰਦਰ ਸਿੰਧਰਾ ਵਲੋਂ ਕੀਤਾ ਗਿਆ।ਨਾਟਕ “ਇੰਡੀਆ ਗੇਟ” ਜਲਿਆਂਵਾਲਾਂ ਬਾਗ ‘ਚ ਖਾਧੀ ਊਧਮ ਸਿੰਘ ਦੀ ਕਸਮ ਦੀ ਵੀ ਯਾਦ ਦਿਵਾ ਗਿਆ ਤੇ ਸ਼ਹੀਦਾਂ ਦੀ ਯਾਦ ਬਣੇ ਇੰਡੀਆ ਗੇਟ ਦੇ ਇਤਿਹਾਸਕ ਪਿਛੋਕੜ ਦੀ ਵੀ ਖੂਬਸੂਰਤ ਤਸਵੀਰ ਖਿੱਚ ਗਿਆ।ਅੰਗ੍ਰੇਜ਼ੀ ਭਾਸ਼ਾ ਵਿੱਚ ਖੇਡਿਆ ਗਿਆ ਇਹ ਨਾਟਕ ਇੱਕ ਸਫ਼ਲ ਤੇ ਬੇਹਤਰੀਨ ਤਜ਼ਰਬਾ ਸੀ, ਜਿਸ ਨੂੰ ਅੰਮ੍ਰਿਤਸਰ ਦੇ ਸੂਝਵਾਨ ਦਰਸ਼ਕਾਂ ਨੇ ਸਿਰ ਮੱਥੇ ਕਬੂਲਿਆ ਤੇ ਭਰਪੂਰ ਤਾੜੀਆਂ ਨਾਲ ਕਲਾਕਾਰਾਂ ਦਾ ਮਾਨ ਵਧਾਇਆ। ਨਾਟਕ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਮਨਿੰਦਰ ਸਿੰਘ ਨੌਸ਼ਹਿਰਾ, ਮੋਹਿਤ ਚਾਵਲਾ, ਪੁਨੀਤ ਪਾਹਵਾ, ਆਸਲੀਨ ਕੌਰ , ਲਵਪ੍ਰੀਤ ਸਿੰਘ, ਪਰਮਜੀਤ ਸਿੰਘ, ਜੈਸਮੀਨ ਕੌਰ ਬਾਵਾ, ਯੁਵਰਾਜ ਸਿੰਘ, ਅਕਾਸ਼ਦੀਪ ਸਿੰਘ, ਹਰਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਦਲਜੀਤ ਸੋਨਾ, ਗੁਰਵਿੰਦਰ ਕੌਰ, ਨਵਨੂਰ ਕੌਰ, ਅਨਮੋਲ ਸਿੰਘਾ, ਨਵਦੀਪ ਸਿੰਘ, ਸੁਮਿਤ ਕੁਮਾਰ, ਭਵਿਆ ਅਰੌੜਾ, ਇਸ਼ਵਨ ਕੌਰ, ਬਬੀਤਾ, ਨਿਸ਼ਾਨ ਸ਼ੇਰਗਿੱਲ ਆਦਿ ਸਨ। ਮੇਕਅਪ ਵਿੱਚ ਗਗਨਦੀਪ ਸਿੰਘ, ਲਾਈਟਿੰਗ ਵਿੱਚ ਵਿਸ਼ਾਲ ਅਤੇ ਲਕਸ਼ ਨੇ ਸਾਥ ਦਿੱਤਾ।ਇਹਨਾਂ ਨਾਟਕਾਂ ਦੌਰਾਨ ਮੁੱਖ ਮਹਿਮਾਨਾਂ ਦੀਆਂ ਭੂਮਿਕਾਵਾਂ ਵਿੱਚ ਪਹਿਲੇ ਦਿਨ ਜਤਿੰਦਰ ਬਰਾੜ ਦੂਜੇ ਦਿਨ ਕੇਵਲ ਧਾਲੀਵਾਲ ਅਤੇ ਸੁਮੀਤ ਖੰਨਾ ਅਤੇ ਤੀਜੇ ਦਿਨ ਦਲਜੀਤ ਕੋਹਲੀ ਅਤੇ ਹਰਜੀਤ ਸਿੰਘ ਸਨ।ਇਸ ਮੌਕੇ ਚੇਅਰਮੈਨ ਉੱਤਮ ਸਿੰਘ, ਜੀ.ਐਸ. ਸਿੰਧਰਾ, ਸੁਖਦੇਵ ਕੋਮਲ, ਗੁਰਤੇਜ ਮਾਨ, ਆਰ ਜੀਤ ਸਿੰਘ, ਬਲਵਿੰਦਰ ਚਾਵਲਾ, ਇੰਦਰਬੀਰ ਸਿੰਘ ਟਿੰਕੂ ਆਦਿ ਮੌਜੂਦ ਸਨ।
                  ਵਿਰਸਾ ਵਿਹਾਰ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਇਸ ਥਿਏਟਰ ਫੈਸਟੀਵਲ ਨੂੰ ਇੱਕ ਬਹੁਤ ਹੀ ਸ਼ਲਾਘਾ ਯੋਗ ਕਦਮ ਦੱਸਿਆ ਅਤੇ ਭਵਿੱਖ ਵਿੱਚ ਵੀ ਇਹੋ ਜਿਹੇ ਫੈਸਟੀਵਲ ਕਰਵਾਉਣ ਲਈ ਅਪੀਲ ਕੀਤੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …