ਵਿਰਾਸਤੀ ਮਾਰਗ ਦੀ ਸੰਭਾਲ ਵੱਲ ਤਵੱਜੋ ਦੇਵੇ ਪੰਜਾਬ ਸਰਕਾਰ- ਐਡਵੋਕੇਟ ਧਾਮੀ
ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀ ਸੰਗਤ ਦੇ ਦੋ ਪਹੀਆ ਵਾਹਨ ਲਗਾਉਣ ਲਈ ਨਵੇਂ ਤਿਆਰ ਕੀਤੇ ਗਏ ਸਟੈਂਡ ਦਾ ਉਦਘਾਟਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਰਦਾਸ ਉਪਰੰਤ ਕੀਤਾ।ਇਹ ਸਟੈਂਡ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਸਾਹਮਣੇ ਤਿਆਰ ਕੀਤਾ ਗਿਆ ਹੈ, ਜਿਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਕੀਤੀ ਗਈ ਹੈ।ਇਹ ਸਾਈਕਲ/ਸਕੂਟਰ ਸਟੈਂਡ ਜ਼ਮੀਨਦੋਜ਼ ਇਮਾਰਤ ਵਿੱਚ ਤਿਆਰ ਕੀਤਾ ਗਿਆ ਹੈ।
ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨਿਰੰਤਰ ਕਾਰਜਸ਼ੀਲ ਹੈ ਅਤੇ ਇਸੇ ਤਹਿਤ ਹੀ ਵੱਡੀ ਸਮਰੱਥਾ ਵਾਲਾ ਦੋ ਪਹੀਆ ਵਾਹਨ ਸਟੈਂਡ ਤਿਆਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਦਾ ਖੇਤਰਫਲ 20 ਹਜ਼ਾਰ ਵਰਗ ਫੁੱਟ ਦੇ ਕਰੀਬ ਹੈ ਅਤੇ ਇਸ ਵਿਚ 1200 ਤੋਂ 1500 ਵਾਹਨ ਲਗਾਉਣ ਦੀ ਸਮਰੱਥਾ ਹੈ।ਉਨ੍ਹਾਂ ਕਾਰਸੇਵਾ ਭੂਰੀਵਾਲੇ ਮਹਾਂਪੁਰਖਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।ਇਸੇ ਦੌਰਾਨ ਐਡਵੋਕੇਟ ਧਾਮੀ ਨੇ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਵਿਰਾਸਤੀ ਮਾਰਗ ਵੱਲ ਸਰਕਾਰਾਂ ਦੀ ਅਣਦੇਖੀ ਚੰਗੀ ਨਹੀਂ ਹੈ ਅਤੇ ਜੇਕਰ ਸਰਕਾਰ ਇਸ ਦੀ ਸਾਂਭ-ਸੰਭਾਲ ਨਹੀਂ ਕਰ ਸਕਦੀ ਤਾਂ ਉਹ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪ ਦੇਵੇ।ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਤਾਂ ਇਸ ਪਾਸੇ ਬਿਲਕੁਲ ਹੀ ਉਦਾਸੀਨਤਾ ਅਪਨਾਈ ਰੱਖੀ ਹੈ ਅਤੇ ਮੌਜੂਦਾ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਪਾਸੇ ਧਿਆਨ ਦੇਵੇ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੀ ਮੌਜੂਦਾ ਸਰਕਾਰ ਸੁਲਤਾਨਵਿੰਡ ਗੇਟ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਾਲੇ ਪਾਸਿਓਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਨੂੰ ਖੁੱਲ੍ਹਾ ਕਰਵਾਏ ਅਤੇ ਸਿੱਖ ਵਿਰਾਸਤੀ ਦਿੱਖ ਦੇਵੇ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਸਰਵਣ ਸਿੰਘ ਕੁਲਾਰ, ਜਰਨੈਲ ਸਿੰਘ ਡੋਗਰਾਂਵਾਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਸਿਆਲਕਾ, ਮੰਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਭਾਈ ਰਾਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਬਾਬਾ ਸਤਨਾਮ ਸਿੰਘ, ਬਾਬਾ ਗੁਰਿੰਦਰ ਸਿੰਘ ਪਟਨਾ ਸਾਹਿਬ, ਬਾਬਾ ਸੋਹਣ ਸਿੰਘ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਸਾਬਕਾ ਮੀਤ ਸਕੱਤਰ ਰਾਮ ਸਿੰਘ ਭਿੰਡਰ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਇੰਚਾਰਜ਼ ਸ਼ਾਹਬਾਜ਼ ਸਿੰਘ, ਮੈਨੇਜਰ ਸੁਖਰਾਜ ਸਿੰਘ, ਬਘੇਲ ਸਿੰਘ, ਸਤਨਾਮ ਸਿੰਘ ਰਿਆੜ, ਐਕਸੀਅਨ ਪਰਮਜੀਤ ਸਿੰਘ, ਐਸ.ਡੀ.ਓ ਸੁਖਜਿੰਦਰ ਸਿੰਘ, ਜਤਿੰਦਰਪਾਲ ਸਿੰਘ ਆਦਿ ਮੌਜ਼ੂਦ ਸਨ।