ਸਾਰੀਆਂ ਸੰਸਥਾਵਾਂ ਦੀ ਇੱਕ ਸਾਂਝੀ ਕਮੇਟੀ ਬਣਾ ਕੇ ਜਲਦੀ ਪਾਇਆ ਜਾਵੇਗਾ ਮਤਾ- ਪ੍ਰਧਾਨ ਬਾਲਿਓਂ
ਸਮਰਾਲਾ, 30 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਸੱਦੇ ‘ਤੇ ਅੱਜ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਵਿੱਦਿਅਕ, ਸਮਾਜਸੇਵੀ, ਸਾਹਿਤਕ, ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਅਤੇ ਹੋਰ ਅਗਾਂਹਵਧੂ ਜਥੇਬੰਦੀਆਂ ਦੇ ਅਹੁੱਦੇਦਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਸਥਾਨਕ ਭਾਰਤੀ ਪੈਲੇਸ ਖੰਨਾ ਰੋਡ ਸਮਰਾਲ਼ਾ ਵਿਖੇ ਕੀਤੀ ਗਈ।ਇਸ ਇਕੱਤਰਤਾ ਵਿੱਚ ਸਮਰਾਲ਼ਾ ਸ਼ਹਿਰ ਦੀ ਬਿਹਤਰੀ ਲਈ ਅਤੇ ਖਾਸਕਰ ਐਸ.ਡੀ.ਐਮ ਦਫ਼ਤਰ ਅਤੇ ਸਿਵਲ ਹਸਪਤਾਲ ਕੋਲ਼ ਖੰਡਰ ਦਾ ਰੂਪ ਧਾਰ ਰਹੇ ਪੁਰਾਣੇ ਰੈਸਟ ਹਾਊਸ ਦਾ ਨਵੀਨੀਕਰਨ ਕਰਕੇ, ਇਸ ਸਥਾਨ ਨੂੰ ਗ੍ਰੀਨ ਬੈਲਟ/ ਬਾਗ਼/ਪਾਰਕ ਵਜੋਂ ਵਿਕਸਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ।ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਜਗ੍ਹਾ ਬਲਾਕ ਸੰਮਤੀ ਦੀ ਮਾਲਕੀ ਅਧੀਨ ਹੈ ਅਤੇ ਕਿਸੇ ਸਮੇਂ ਇਸ ਥਾਂ ‘ਤੇ ਰੈਸਟ ਹਾਊਸ ਬਣਿਆ ਹੋਇਆ ਸੀ। ਜਿਸ ਦੀ ਪੁਰਾਣੀ ਇਮਾਰਤ ਅਜੇ ਵੀ ਮੌਜ਼ੂਦ ਹੈ।ਜਿਸ ਨੂੰ ਸਾਂਭਿਆ ਜਾਣਾ ਅਤਿ ਜ਼ਰੂਰੀ ਹੈ। ਫਰੰਟ ਦੇ ਚੇਅਰਮੈਨ ਸੁਦੇਸ਼ ਸ਼ਰਮਾ ਨੇ ਵੀ ਇਸ ਥਾਂ ਦੇ ਪਿਛੋਕੜ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇਚਾਰਜ਼ ਪਰਮਜੀਤ ਸਿੰਘ ਢਿੱਲੋਂ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਥਾਂ ਨੂੰ ਗ੍ਰੀਨ ਬੈਲਟ ਦੇ ਤੌਰ ’ਤੇ ਸਾਂਭਣ ਲਈ ਜੋ ਵੀ ਖਰਚਾ ਆਵੇਗਾ ਉਹ ਸਾਰਾ ਆਪਣੇ ਪੱਲਿਓਂ ਕਰਨ ਲਈ ਤਿਆਰ ਹਨ।ਬੱਸ ਫਰੰਟ ਅੱਗੇ ਹੋ ਕੇ ਇਸ ਦੀ ਅਗਵਾਈ ਕਰੇ। ਪੰਜਾਬੀ ਸਾਹਿਤ ਸਭਾ ਸਮਰਾਲ਼ਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਇਸ ਗੱਲ ਦਾ ਜੁਆਬ ਦਿੰਦਿਆ ਕਿਹਾ ਕਿ ਜੇ ਪਰਮਜੀਤ ਸਿੰਘ ਢਿੱਲੋਂ ਇਹ ਖਰਚਾ ਕਰਨ ਲਈ ਤਿਆਰ ਹਨ ਤਾਂ ਉਨ੍ਹਾਂ ਦੀ ਸੰਸਥਾ ਅਤੇ ਵਕੀਲ ਭਾਈਚਾਰਾ ਇਹ ਲੜਾਈ ਫਰੰਟ ਦੇ ਮੋਢੇ ਨਾਲ਼ ਮੋਢਾ ਜੋੜ ਕੇ ਲੜੇਗਾ।
ਲੇਖਕ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਮਰਾਲ਼ਾ, ਪੈਨਸ਼ਨਰਜ਼ ਮਹਾਂ ਸੰਘ ਪੰਜਾਬ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ, ਵਪਾਰ ਮੰਡਲ ਸਮਰਾਲ਼ਾ ਦੇ ਚੇਅਰਮੈਨ ਹਰੀ ਕ੍ਰਿਸ਼ਨ ਗੰਭੀਰ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਗਰੇਵਾਲ਼ ਅਤੇ ਸੰਤੋਖ਼ ਸਿੰਘ ਨਾਗਰਾ ਆਦਿ ਨੇ ਵੀ ਇਸ ਸਬੰਧੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲ਼ਾ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਜਿਥੇ ਸਾਰਿਆਂ ਦਾ ਇਸ ਧੰਨਵਾਦ ਕੀਤਾ, ਉਥੇ ਕਿਹਾ ਕਿ ਆਉਣ ਵਾਲ਼ੇ ਦਿਨਾਂ ਵਿੱਚ ਇਕ ਸਾਂਝੀ ਕਮੇਟੀ ਬਣਾ ਕੇ ਅਤੇ ਸਾਰੀਆਂ ਜਥੇਬੰਦੀਆਂ ਸਮੇਤ ਰੈਸਟ ਹਾਊਸ ਵਾਲੀ ਥਾਂ ਨੂੰ ਗ੍ਰੀਨ ਬੈਲਟ ਜਾਂ ਸ਼ਹਿਰ ਦੇ ਲੋਕਾਂ ਲਈ ਪਾਰਕ-ਨੁਮਾਂ ਬਾਗ਼ ਬਣਾਉਣ ਲਈ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।ਮੰਚ ਸੰਚਾਲਨ ਦੀਪ ਦਿਲਬਰ ਨੇ ਕੀਤਾ।
ਇਸ ਇਕੱਤਰਤਾ ਵਿੱਚ ਨਿਰਮਲ ਸਿੰਘ ਹਰਬੰਸਪੁਰਾ, ਜੁਗਲ ਕਿਸ਼ੋਰ ਸਾਹਨੀ, ਸ਼ਵਿੰਦਰ ਸਿੰਘ ਕਲੇਰ, ਦਰਸ਼ਨ ਸਿੰਘ ਕੰਗ, ਮਾ. ਪ੍ਰੇਮ ਨਾਥ, ਇੰਦਰਜੀਤ ਸਿੰਘ ਕੰਗ, ਰਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਜੱਸੀ ਕੌਰ ਕੁੱਬੇ, ਮਾ. ਦਲੀਪ ਸਮਰਾਲਾ, ਸੁਰਿੰਦਰ ਕੁਮਾਰ, ਜਗੀਰਾ ਰਾਮ, ਕਰਨੈਲ ਸਿੰਘ ਕੋਟਾਲਾ, ਪਰਮਜੀਤ ਸਿੰਘ ਮਾਂਗਟ ਮਾਛੀਵਾੜਾ, ਰਾਜਿੰਦਰ ਸਿੰਘ ਕੁਲਾਰ, ਸਮਰਾਲ਼ਾ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ, ਪ੍ਰਧਾਨ ਨੀਰਜ ਸਿਹਾਲਾ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਰਾਏ, ਰਾਮਗੜ੍ਹੀਆ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪਰਵਿੰਦਰ ਸਿੰਘ ਬੱਲੀ,ਰਾਜੀਵ ਵਰਮਾ ਸਵਰਨਕਾਰ ਐਸੋ: ਸਮਰਾਲਾ, ਗੁਲਸ਼ਨ ਕੁਮਾਰ ਬਰਤਨ ਐਸੋ:, ਜਥੇਦਾਰ ਸੁਜਾਨ ਸਿੰਘ ਮੰਜਾਲੀਆਂ, ਬੰਤ ਸਿੰਘ ਖਾਲਸਾ, ਰਜਿੰਦਰ ਖੁੱਲਰ, ਸਾਹਿਤਕਾਰ ਹਰਬੰਸ ਮਾਲਵਾ, ਘੋਲਾ ਸਮਰਾਲਾ, ਮੇਲਾ ਸਿੰਘ, ਪ੍ਰਵੀਨ ਮੱਟੂ, ਸੁਭਾਸ਼ ਚੰਦਰ ਸਿਹਾਲਾ ਆਦਿ ਸ਼ਾਮਿਲ ਸਨ।