ਕਮੇਟੀ ਨੂੰ 2 ਦਿਨਾਂ ਅੰਦਰ ਰਿਪੋਰਟ ਦੇਣ ਦੇ ਹੁਕਮ
ਕਪੂਰਥਲਾ, 9 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਸਬੰਧੀ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਪੀ.ਐਸ.ਏ (ਪ੍ਰੈਸ਼ਰ ਸਵਿੰਗ ਅਸੋਰਪਸ਼ਨ) ਅਧਾਰਿਤ ਆਕਸੀਜਨ ਪਲਾਂਟਾਂ ਦੀ ਚੈਕਿੰਗ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।ਕਮੇਟੀ ਵਿਚ ਐਸ.ਡੀ.ਐਮ ਕਪੂਰਥਲਾ, ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ, ਐਕਸੀਅਨ ਪੀ.ਐਚ.ਐਸ.ਸੀ, ਐਕਸੀਅਨ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ) ਤੇ ਐਸ.ਡੀ.ਓ ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ) ਕਪੂਰਥਲਾ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਮੇਟੀ ਜਿਲ੍ਹੇ ਅੰਦਰ ਸਿਵਲ ਹਸਪਤਾਲ ਕਪੂਰਥਲਾ ਨੇੜੇ ਆਈਸੋਲੇਸ਼ਨ ਵਾਰਡ ਸਬ ਡਿਵੀਜ਼ਨ ਹਸਪਤਾਲ ਸੁਲਤਾਨਪੁਰ ਲੋਧੀ ਤੇ ਸਬ ਡਵੀਜਨਲ ਹਸਪਤਾਲ ਫਗਵਾੜਾ ਵਿਖੇ ਸਥਾਪਿਤ ਕੀਤੇ ਗਏ ਪੀ.ਐਸ.ਏ ਅਧਾਰਿਤ ਆਕਸੀਜਨ ਪਲਾਂਟਾਂ ਦੀ ਨਿਰਧਾਰਿਤ ਮਾਪਦੰਡਾਂ ਅਨੁਸਾਰ ਸ਼ੁੱਧਤਾ, ਦਬਾਅ ਤੇ ਗੁਣਵੱਤਾ ਦੀ ਜਾਂਚ ਕਰੇਗੀ।
ਕਪੂਰਥਲਾ ਵਿਖੇ ਆਕਸੀਜਨ ਪਲਾਂਟ ਦੀ ਸਮਰੱਥਾ 1000 ਐਲ.ਪੀ.ਐਮ. (ਲਿਟਰ ਪ੍ਰਤੀ ਮਿੰਟ) ਜਦਕਿ ਸੁਲਤਾਨਪੁਰ ਲੋਧੀ ਵਿਖੇ 800 ਐਲ.ਪੀ.ਐਮ ਤੇ ਫਗਵਾੜਾ ਵਿਖੇ 500 ਐਲ.ਪੀ.ਐਮ ਦੀ ਸਮਰੱਥਾ ਵਾਲੇ ਆਕਸੀਜਨ ਪਲਾਂਟ ਹਨ।ਕਮੇਟੀ ਨੂੰ ਆਪਣੀ ਰਿਪੋਰਟ 2 ਦਿਨਾਂ ਦੇ ਅੰਦਰ-ਅੰਦਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋੜ ਅਨੁਸਾਰ ਸੁਧਾਰਵਾਦੀ ਕਦਮ ਚੁੱਕੇ ਜਾ ਸਕਣ।