ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਇਮਾਰਤ ਦੀਆਂ ਕੰਧਾਂ ਦੀ ਸੁੰਦਰਤਾ ਨੂੰ ਅਤਿ-ਮਹੀਨ ਅਤੇ ਦਿਲਕਸ਼ ਨਕਾਸ਼ੀ ਨਾਲ ਨਿਵੇਕਲੀ ਦਿੱਖ ਪ੍ਰਦਾਨ ਕਰਨ ਵਾਲ਼ੇ ਭਾਈ ਗਿਆਨ ਸਿੰਘ ਨਕਾਸ਼ ਦੇ ਪੋਤਰੇ ਅਤੇ ਸਿੱਖ ਇਤਿਹਾਸ ਨੂੰ ਖੂਬਸੂਰਤ ਚਿੱਤਰਾਂ ਰਾਹੀਂ ਰੂਪਮਾਨ ਕਰਨ ਲਈ ਵਿਸ਼ਵ ਪੱਧਰੀ ਸ਼ੋਹਰਤ ਹਾਸਲ ਕਰਨ ਵਾਲੇ ਜੀ.ਐਸ ਸੋਹਣ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਤਵੰਤ ਕੌਰ ਕੌਰ ਦੀ ਕੁੱਖੋਂ ਸ੍ਰ. ਸੁਰਿੰਦਰ ਸਿੰਘ ਦਾ ਜਨਮ 16 ਅਗਸਤ 1938 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ।ਪਰਿਵਾਰ ਵਿੱਚ ਸੂਖਮ ਕਲਾਵਾਂ ਦਾ ਸਾਜ਼ਗਾਰ ਮਾਹੌਲ ਹੋਣ ਕਾਰਨ ਬਾਲ ਸੁਰਿੰਦਰ ਸਿੰਘ ਦੇ ਕੋਮਲ ਪੋਟੇ ਵੀ ਹਰੇਕ ਦੀ ਨਿਗ੍ਹਾ ਖਿੱਚਣ ਅਤੇ ਪਸੰਦ ਦਾ ਸ਼ਿੰਗਾਰ ਬਣਨ ਵਾਲੇ ਚਿੱਤਰ ਸਜਾਉਣ ਲੱਗੇ।ਪਿਤਾ ਜੀ.ਐਸ ਸੋਹਣ ਸਿੰਘ ਨੇ ਮਾਸੂਮ ਬਾਲ ਸੁਰਿੰਦਰ ਸਿੰਘ ਦੀ ਚਿੱਤਰਕਲਾ ਵਿੱਚ ਮੁਹਾਰਤ ਵੇਖ-ਭਾਂਪ ਕੇ ਉਸ ਦੇ ਮਨ-ਮਸਤਕ ਵਿੱਚ ਇਹ ਧਾਰਨਾ ਪੱਕੀ ਕਰ ਦਿੱਤੀ ਕਿ ਸੁੱਖਾਂ ਵਾਲ਼ਾ ਖੁਸ਼ਹਾਲ ਜੀਵਨ ਬਸਰ ਕਰਨ ਲਈ ਚਿੱਤਰਕਲਾ ਦੇ ਅਧੁਨਿਕ ਵਪਾਰਕ ਪੱਖ ਨੂੰ ਜੀਵਨ ਦਾ ਆਧਾਰ ਬਣਾਇਆ ਜਾਵੇ।ਆਗਿਆਕਾਰੀ ਸੁਰਿੰਦਰ ਸਿੰਘ ਦੇ ਮਨ ਨੂੰ ਪਿਤਾ ਜੀ ਦਾ ਇਹ ਉਪਦੇਸ਼ ਭਾਅ ਗਿਆ।ਸੁਰਿੰਦਰ ਸਿੰਘ ਨੇ ਕੰਪਿਊਟਰ ਹੁਨਰ ਵਿੱਚ ਜ਼ਹੀਨ ਆਪਣੇ ਸਪੁੱਤਰ ਪ੍ਰਿ੍ਰੰਸੀਪਲ ਹਰਪ੍ਰੀਤਪਾਲ ਸਿੰਘ ਨੂੰ ਨਾਲ਼ ਲਾ ਕੇ ਆਪਣੇ ਬਾਪ ਦੀ ਵਿਰਾਸਤ ਨੂੰ ਸੰਸਾਰ ਭਰ ਵਿੱਚ ਕਲਾ ਪ੍ਰੇਮੀਆਂ ਦੇ ਸਨਮੁੱਖ ਕੀਤਾ।ਕਾਰੋਬਾਰ ਦੇ ਸ਼ੁਰੂਆਤੀ ਸਮੇਂ ਦੌਰਾਨ ਆਪ ਜੀ ਨੇ ਬਲਾਕ ਪ੍ਰਿੰਟਿੰਗ ਦੇ ਕੰਮ ਨੂੰ ਹੱਥ ਪਾਇਆ ਤੇ ਸਫਲਤਾ ਹਾਸਲ ਕੀਤੀ।ਪੰਜਾਬੀ ਦੇ ਸਿਰਕੱਢਵੇਂ ਲਿਖਾਰੀਆਂ ਦੀਆਂ ਕਿਤਾਬਾਂ ਦੇ ਸੁੰਦਰ ਅਤੇ ਢੁੱਕਵੇਂ ਟਾਈਟਲ ਤਿਆਰ ਕੀਤੇ।ਅੱਖਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਨਾਲ ਉਨ੍ਹਾਂ ਨੇ ਮਾਈਕਰੋ-ਫੋਟੋਗ੍ਰਾਫੀ ਤਕਨੀਕ ਨਾਲ ਸਰਜਰੀ ਦੀਆਂ ਰੰਗਦਾਰ ਸਲਾਈਡਾਂ ਤਿਆਰ ਕਰਕੇ ਲੈਕਚਰ ਕਠਿਨਾਈਆਂ ਨੂੰ ਸੌਖਿਆਂ ਕੀਤਾ।
ਚਿੱਤਰਕਲਾ ਦੇ ਅਧੁਨਿਕ ਹੁਨਰ ਸਦਕਾ ਆਪ ਜੀ ਸ਼ਾਹਬਾਦ ਮਾਰਕੰਡੇ ਵਾਲੇ ਸੰਤ ਦਲੇਲ ਸਿੰਘ ਜੀ ਦੀ ਕ੍ਰਿਪਾ ਦੇ ਪਾਤਰ ਬਣ ਗਏ।ਬਾਬਾ ਸ੍ਰੀ ਚੰਦ ਜੀ ਦੇ ਪੈਰੋਕਾਰ ਅਤੇ ਅਖਾੜਾ ਬ੍ਰਹਮ ਬੂਟਾ ਦੇ ਮੁੱਖੀ ਮਹੰਤ ਬਿਕਰਮ ਦਾਸ ਨੇ ਵੀ ਆਪ ਜੀ ਦੀਆਂ ਸੇਵਾਵਾਂ ਹਾਸਲ ਕਰ ਕੇ ਮਾਣ ਬਖਸ਼ਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਗੋਲਡਨ ਆਫਸੈਟ ਪ੍ਰਿੰਟਿੰਗ ਪ੍ਰੈਸ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਬਤੌਰ ਪ੍ਰੋਜੈਕਟ ਮੈਨੇਜਰ ਆਪ ਜੀ ਦੀਆਂ ਸੇਵਾਵਾਂ ਹਾਸਲ ਕੀਤੀਆਂ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਵੀ ਆਪ ਜੀ ਦੀਆਂ ਪ੍ਰਿੰਟਿੰਗ ਖੇਤਰ ਵਿੱਚ ਸੇਵਾਵਾਂ ਲਈਆਂ।ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ ਆਪ ਜੀ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ।ਇੰਗਲੈਂਡ ਵਿੱਚ ਬਰਮਿੰਘਮ ਵਿਖੇ ਆਪ ਜੀ ਨੇ ਸਿੱਖ ਕਲਾ ਪ੍ਰਦਰਸ਼ਨੀ ਲਗਾ ਕੇ ਵਾਹਵਾ ਖੱਟੀ।ਨਿਮਰ-ਸੁਭਾਅ, ਹਲੀਮੀ, ਮਿੱਠਬੋਲੜੇ, ਉੱਦਮੀ ਅਤੇ ਇਮਾਨਦਾਰ ਤਬੀਅਤ ਦੇ ਧਾਰਨੀ ਸ੍ਰ. ਸੁਰਿੰਦਰ ਸਿੰਘ ਜੀ 83 ਸਾਲ ਦੀ ਬੇਦਾਗ਼ ਅਤੇ ਸਿਫ਼ਤੀ ਉਮਰ ਭੋਗ ਕੇ ਆਪ ਜੀ 3 ਜੂਨ 2020 ਨੂੰ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਬਿਰਾਜ਼ ਗਏ। 0206202201
ਅੱਜ ਬਰਸੀ ‘ਤੇ ਵਿਸ਼ੇਸ਼
ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ
ਮੋ – 98158 40755