13 ਜੁਲਾਈ ਨੂੰ ਪਾਵਰਕਾਮ ਹੈਡ ਆਫਿਸ ਸਾਹਮਣੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ – ਸਿਕੰਦਰ ਸਿੰਘ ਪ੍ਰਧਾਨ
ਸਮਰਾਲਾ, 10 ਜੂਨ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਸ਼ੁਰੂਆਤ ‘ਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਚਰਚਾ ਹੋਈ, ਜਿਵੇਂ ਨਵੇਂ ਪੇਅ ਕਮਿਸ਼ਨ ਦੀ ਰਿਪੋਰਟ ਮੁਤਾਬਿਕ 31-12-2015 ਤੋਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 113 ਪ੍ਰਤੀਸ਼ਤ ਡੀ.ਏ ਦੀ ਬਜ਼ਾਏ 125 ਪ੍ਰਤੀਸ਼ਤ ਡੀ.ਏ ਲਗਾ ਕੇ 2.44 ਦੀ ਬਜ਼ਾਏ 2.59 ਨਾਲ ਰਿਵਾਇਜ਼ਡ ਪੇਅ ਸਕੇਲ ਲਾਗੂ ਕਰਨ ਅਤੇ ਮਿਤੀ 01-01-2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਨੂੰ ਨਵੇਂ ਸਕੇਲ ਲਗਾਏ ਜਾਣ ਅਤੇ ਬਕਾਏ ਦਿੱਤੇ ਜਾਣ।ਪਿਛਲੇ ਸਾਲਾਂ ਦਾ ਡੀ.ਏ. ਦਾ ਬਕਾਇਆ ਦਿੱਤਾ ਜਾਵੇ।ਜੁਲਾਈ 2021 ਅਤੇ ਜਨਵਰੀ 2022 ਦਾ 3 ਫੀਸਦ ਡੀ.ਏ ਜਾਰੀ ਕੀਤਾ ਜਾਵੇ ਤੇ ਬਕਾਇਆ ਦਿੱਤਾ ਜਾਵੇ।ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ 2500 ਰੁਪਏ ਕਰਨਾ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣਾ ਆਦਿ ਸਬੰਧੀ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।ਸੂਬਾ ਕਮੇਟੀ ਵਲੋਂ ਦਿੱਤੇ ਗਏ ਮੰਗ ਪੱਤਰ ਸਬੰਧੀ ਪਾਵਰ ਕਾਮ ਮੈਨੇਜਮੈਂਟ ਕਮੇਟੀ ਨਾਲ ਸੂਬਾ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕੋਈ ਠੋਸ ਨਤੀਜਾ ਨਾ ਸਾਹਮਣੇ ਆਉਣ ਕਾਰਨ ਪੰਜਾਬ ਬਾਡੀ ਵਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।ਜਿਸ ਤਹਿਤ ਸਮਰਾਲਾ ਮੰਡਲ ਕਮੇਟੀ ਵਲੋਂ 8 ਜੁਲਾਈ ਨੂੰ ਮੰਡਲ ਸਮਰਾਲਾ ਵਿਖੇ ਪਾਵਰ ਕਾਮ ਮੈਨੇਜਮੈਂਟ ਤੋਂ ਮੰਗਾਂ ਮੰਨਵਾਉਣ ਲਈ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਵਧੀਕ ਨਿਗਰਾਨ ਇੰਜਨੀਅਰ ਮੰਡਲ ਸਮਰਾਲਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੈਨਸ਼ਨਰਾਂ ਦੇ ਲਮਕ ਰਹੇ ਕੰਮ ਜਲਦੀ ਪੂਰੇ ਕੀਤੇ ਜਾਣ ਤਾਂ ਜੋ ਪੈਨਸ਼ਨਰਾਂ ਵਿੱਚ ਪਾਇਆ ਜਾ ਰਿਹਾ ਰੋਸ ਘੱਟ ਕੀਤਾ ਜਾ ਸਕੇ।ਮੁੱਖ ਮੈਡੀਕਲ ਅਫਸਰ ਲੁਧਿਆਣਾ ਨੂੰ ਵੀ ਬੇਨਤੀ ਕੀਤੀ ਗਈ ਕਿ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਬਿਨ੍ਹਾਂ ਕਿਸੇ ਰੁਕਾਵਟ ਦੇ ਜਲਦੀ ਸਮੇਂ ਸਿਰ ਪਾਸ ਕੀਤੇ ਜਾਣ।
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਇੰਜ: ਪ੍ਰੇਮ ਸਿੰਘ ਰਿਟਾ: ਐਸ.ਡੀ.ਓ ਸੀਨੀ: ਮੀਤ ਪ੍ਰਧਾਨ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਦਰਸ਼ਨ ਸਿੰਘ ਖਜਾਨਚੀ, ਰਾਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ, ਕੁਲਵੰਤ ਸਿੰਘ ਜੱਗੀ, ਦਰਸ਼ਨ ਸਿੰਘ ਕੋਟਾਲਾ, ਗੁਰਦੇਵ ਸਿੰਘ, ਅਮਰੀਕ ਸਿੰਘ ਮੁਸ਼ਕਾਬਾਦ, ਪ੍ਰੇਮ ਚੰਦ, ਭੁਪਿੰਦਰਪਾਲ ਸਿੰਘ ਚਹਿਲਾ, ਹਰਪਾਲ ਸਿੰਘ ਸਿਹਾਲਾ, ਗੁਰਮੁੱਖ ਸਿੰਘ ਕੋਟਾਲਾ ਆਦਿ ਨੇ ਸੰਬੋਧਨ ਕੀਤਾ।ਸਟੇਜ ਇੰਜ: ਜੁਗਲ ਕਿਸ਼ੋਰ ਸਾਹਨੀ ਨੇ ਸੰਭਾਲੀ।ਆਉਣ ਵਾਲੇ ਸਮੇਂ ‘ਚ ਪੰਜਾਬ ਬਾਡੀ ਵਲੋਂ ਜੋ ਸੰਘਰਸ਼ ਉਲੀਕਿਆ ਗਿਆ ਹੈ, ਉਸ ਵਿੱਚ ਸਮਰਾਲਾ ਮੰਡਲ ਦੇ ਪੈਨਸ਼ਨਰ ਪੂਰੀ ਸਰਗਰਮੀ ਨਾਲ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ 13 ਜੁਲਾਈ 2022 ਨੂੰ ਪਟਿਆਲਾ ਵਿਖੇ ਹੋਣ ਵਾਲੇ ਧਰਨੇ ਵਿੱਚ 2 ਬੱਸਾਂ ਭਰ ਕੇ ਸ਼ਮੂਲੀਅਤ ਕਰਨਗੇ।
ਮੀਟਿੰਗ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਮਰਦ ਪੈਨਸ਼ਨਰ ਸ਼ਾਮਲ ਹੋਏ, ਅਖੀਰ ਵਿੱਚ ਮੰਡਲ ਪ੍ਰਧਾਨ ਸਿਕੰਦਰ ਸਿੰਘ ਨੇ ਮੀਟਿੰਗ ਵਿੱਚ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ।