ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਕੇਸਗੜ੍ਹ ਸਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਗੁਰਮਤਿ ਚੇਤਨਾ ਕੈਂਪ ਦੇ ਪਹਿਲੇ ਦਿਨ ਸ਼ੈਸ਼ਨ ਦੀ ਸ਼ੂਰੂਆਤ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਂਪ ਦਾ ਮਕਸਦ ਸਿੱਖ ਕੌਮ ਦੀ ਪਨੀਰੀ ਨੂੰ ਸਿੱਖ ਵਿਰਸੇ, ਇਤਿਹਾਸ ਅਤੇ ਗੁਰਬਾਣੀ ਪ੍ਰਤੀ ਜਾਗਰੂਕ ਕਰਨਾ ਹੈ। ਸਕੂਲੀ ਛੁੱਟੀਆਂ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਗੁਰਮਤਿ ਚੇਤਨਾ ਕੈਂਪ ਲਾਉਣ ਦਾ ਕੀਤਾ ਗਿਆ ਉਪਰਾਲਾ ਅਹਿਮ ਹੈ।ਸਿੰਘ ਸਾਹਿਬ ਨੇ ਕਿਹਾ ਕਿ ਗੁਰਮਤਿ ਕੈਂਪ ਵਿੱਚ ਪੁੱਜੇ ਬੱਚਿਆਂ ਦੇ ਮਾਤਾ ਪਿਤਾ ਵਧਾਈ ਦੇ ਪਾਤਰ ਹਨ, ਜਿੰਨਾਂ ਨੇ ਉਨਾਂ ਨੂੰ ਗਿਆਨ ਹਾਸਲ ਕਰਨ ਲਈ ਇਥੇ ਭੇਜਿਆ ਹੈ।ਸਿੰਘ ਸਾਹਿਬ ਨੇ ਕਿਹਾ ਕਿ ਹਰ ਵਿਦਿਆਰਥੀ ਖਾਸ ਕਰਕੇ ਸਿੱਖ ਬੱਚਿਆਂ ਲਈ ਇਹ ਜਰੂਰੀ ਹੈ ਕਿ ਉਨਾਂ ਨੂੰ ਸਿੱਖ ਕੌਮ ਦੀ ਪੁਰਾਤਣ ਵਿਰਾਸਤ, ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਪੂਰਾ ਗਿਆਨ ਹੋਵੇ।ਉਨਾਂ ‘ਗੁਰੂ’ ਲਫਜ਼ ਦੀ ਮਹੱਤਤਾ ਬਿਆਨ ਕਰਦਿਆਂ ਕਿਹਾ ਕਿ ‘ਗੁਰੂ’ ਦਾ ਮਤਲਬ ਹਨੇਰੇ ਵਿਚੋਂ ਚਾਨਣ ਵੱਲ ਲਿਜਾਣ ਵਾਲਾ ਹੈ।ਉਨਾਂ ਨੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਹਾਸਲ ਕਰਨ ਦੇ ਨਾਲ-ਨਾਲ ਅਧਿਆਤਮਕ ਵਿਦਿਆ ਪ੍ਰਾਪਤ ਕਰਨ ਦੀ ਵੀ ਪ੍ਰੇਰਣਾ ਕਰਦਿਆਂ ਕਿਹਾ ਕਿ ਸਿੱਖਾਂ ਦੇ ਗੁਰੂ ਜਾਗਤਿ ਜੋਤ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਕੋਈ ਹੋਰ ਨਹੀਂ।ਉਨਾਂ ਹਦਾਇਤ ਕੀਤੀ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਤੇ ਵੀ ਸੀਸ ਨਾ ਝੁਕਾਉਣ ਅਤੇ ਮੜੀ ਮਸਾਣੀ ਅਤੇ ਦੇਹਧਾਰੀ ਗੁਰੂਆਂ ਤੋਂ ਹਮੇਸ਼ਾਂ ਦੂਰ ਰਹਿਣ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਬੱਚਿਆਂ ਨੂੰ ਕੈਂਪ ਵਿੱਚ ‘ਜੀ ਆਇਆਂ’ ਕਿਹਾ।ਉਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹ ਪਾਵਨ ਤੇ ਰਮਨੀਕ ਅਸਥਾਨ ਹੈ, ਜਿਸ ਦੀ ਸਥਾਪਨਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਕੀਤੀ ਸੀ।ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਵੀ ਇਥੇ ਕੀਤੀ ਸੀ। ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜੇ । ਉਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ਤਿਆਰ ਬਰ ਤਿਆਰ ਸਿੰਘ ਸਜਾ ਕੇ ਜ਼ਬਰ ਜ਼ੁਲਮ ਅਤੇ ਅਤਿਆਚਾਰ ਦਾ ਮੁਕਾਬਲਾ ਕਰਨ ਦਾ ਬਲ, ਬੁੱਧੀ ਅਤੇ ਸ਼ਕਤੀ ਬਖਸ਼ੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨ ਦੁਖੀਆਂ ਤੇ ਮਜ਼ਲੂਮਾਂ ਅਤੇ ਧਰਮ ਦੀ ਰੱਖਿਆ ਲਈ ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਕਈ ਜੰਗਾਂ ਲੜੀਆਂ ਅਤੇ ਵਿਰੋਧੀਆਂ ਨੁੰ ਇਹਨਾਂ ਯੁੱਧਾਂ ਵਿੱਚ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ।ਉਨਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਕੈਂਪ ਦੌਰਾਨ ਆਉਣ ਵਾਲੇ ਵਿਦਵਾਨਾਂ ਦੇ ਵਿਚਾਰ ਧਿਆਨ ਨਾਲ ਸੁਣਨ ਅਤੇ ਭਵਿੱਖ ‘ਚ ਉਨਾਂ ਤੋਂ ਸੇਧ ਲੈ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਦੀ ਕੋਸ਼ਿਸ਼ ਕਰਨ।ਅਜਿਹਾ ਕਰਨ ਨਾਲ ਹੀ ਉਨਾਂ ਦਾ ਇਸ ਕੈਂਪ ਵਿੱਚ ਆਉਣਾ ਸਫਲ ਹੋਵੇਗਾ।
ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਧਰਮ ਪਤਨੀ ਬੀਬੀ ਹਰਮੀਤ ਕੌਰ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਅਤੇ ਸ਼੍ਰੋਮਣੀ ਕਮੇਟੀ ਐਜੁਕੇਸ਼ਨ ਡਾਇਰੈਕਟੋਰੇਟ ਦੀ ਡਿਪਟੀ ਡਾਇਟੈਕਟਰ ਬੀਬੀ ਸਤਵੰਤ ਕੌਰ, ਮੈਨੇਜਰ ਗੁਰਦੀਪ ਸਿੰਘ, ਪ੍ਰਚਾਰਕ ਅਮਰ ਸਿੰਘ, ਪ੍ਰਚਾਰਕ ਇੰਦਰਜੀਤ ਸਿੰਘ, ਪ੍ਰਚਾਰਕ ਅਮਨਦੀਪ ਕੌਰ, ਪ੍ਰਚਾਰਕ ਜਸਪਾਲ ਸਿੰਘ ਦੋਬੁਰਜ਼ੀ, ਮੈਡਮ ਰਵਿੰਦਰ ਕੌਰ ਆਦਿ ਹਾਜ਼ਰ ਸਨ।