ਅਮ੍ਰਿਤਸਰ, 6 ਜੁਲਾਈ (ਦੀਲ ਦਵਿੰਦਰ ਸਿੰਘ) – ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕ੍ਰਿਸ਼ਨ ਕੁਮਾਰ ਵਲੋਂ ਸਰਕਾਰੀ ਦਫਤਰਾਂ, ਵਿਦਿਅਕ ਅਦਾਰਿਆਂ, ਸੜਕਾਂ ਅਤੇ ਮੀਲ ਪੱਥਰ ਪ੍ਰਮੁੱਖਤਾ ਨਾਲ ਮਾਤ ਭਾਸ਼ਾ ਪੰਜਾਬੀ ‘ਚ ਲਿਖਣ ਲਈ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀ, ਡਵੀਜ਼ਨ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਹੋਰ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਮ ਜਾਰੀ ਪੱਤਰ ਦੀ ਪੰਜਾਬੀ ਸਾਹਿਤਕਾਰਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਅੱਜ ਇਥੋਂ ਜਾਰੀ ਬਿਆਨ ਵਿੱਚ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਡਾ. ਸੁਖਦੇਵ ਸਿੰਘ ਸਿਰਸਾ ਦੇ ਹਵਾਲੇ ਨਾਲ ਕਿਹਾ ਕਿ ਲੇਖਕ ਜਥੇਬੰਦੀਆਂ ਪਿਛਲੇ ਕਈ ਦਹਾਕਿਆਂ ਤੋਂ ਮਾਤ ਭਾਸ਼ਾ ਦੀ ਬੇਹਤਰੀ ਲਈ ਯਤਨਸ਼ੀਲ ਹਨ।ਉਹਨਾਂ ਕਿਹਾ ਕਿ ਰਾਜ ਕਰਦੀਆਂ ਧਿਰਾਂ ਨੂੰ ਮਾਤ ਭਾਸ਼ਾ ਰੁਜ਼ਗਾਰ ਮੁਖੀ ਬਣਾਉਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਅਤੇ ਸੂਬ ਦੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਪੰਜਾਬੀ ਅਧਿਆਪਕਾਂ ਦੀ ਪੱਕੀ ਭਰਤੀ ਕਰਕੇ ਮਾਤ ਭਾਸ਼ਾ ਵਿੱਚ ਆਰਥਿਕ ਵਸੀਲੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਵਿਦੇਸ਼ਾਂ ਵੱਲ ਭੱਜ ਰਹੀ ਨੌਜਵਾਨ ਪੀੜ੍ਹੀ ਆਪਣੇ ਸੂਬੇ ਵਿਚ ਦਰ-ਗੁਜ਼ਰ ਕਰ ਸਕੇ।
ਉਹਨਾਂ ਕਿਹਾ ਕਿ ਇਹ ਤਲਖ ਹਕੀਕਤ ਹੈ ਕਿ ਨਿਰੋਲ ਭਾਸ਼ਾ ਦੇ ਅਧਾਰ ‘ਤੇ ਕਾਇਮ ਹੋਏ ਇਸ ਸੂਬੇ ਨੂੰ ਅੱਧੀ ਸਦੀ ਬੀਤਣ ‘ਤੇ ਵੀ ਨਾ ਆਪਣੀ ਰਾਜਧਾਨੀ ਅਤੇ ਨਾ ਹੀ ਆਪਣੀ ਹਾਈਕੋਰਟ ਨਸੀਬ ਹੋਈ ਹੈ।ਉਹਨਾਂ ਸਰਕਾਰ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਰਾਜ ਅੰਦਰ ਸਾਇੰਸ, ਕਨੂੰਨ ਅਤੇ ਤਕਨੀਕੀ ਸਿੱਖਿਆ ਮਾਤ ਭਾਸ਼ਾ ਵਿੱਚ ਹਾਸਲ ਕਰਨ ਲਈ ਪੜ੍ਹਨ ਸਮੱਗਰੀ ਦਾ ਪ੍ਰਬੰਧ ਪੰਜਾਬੀ ਵਿੱਚ ਹੋਵੇ।ਰਾਜ ਭਾਸ਼ਾ ਐਕਟ ਵਿੱਚ ਸੋਧ ਕਰਕੇ ਸਰਕਾਰੀ ਕੰਮਕਾਜ਼ ਪੰਜਾਬੀ ਵਿਚ ਨਾ ਕਰਨ ਵਾਲਿਆਂ ਅਧਿਕਾਰੀਆਂ ਲਈ ਸਜ਼ਾ ਦੀ ਵਿਵਸਥਾ ਹੋਵੇ।
ਇਸ ਮੌਕੇ ਹਰਜੀਤ ਸਿੰਘ ਸੰਧੂ, ਡਾ. ਮੋਹਨ, ਸਰਬਜੀਤ ਸੰਧੂ, ਮਨਮੋਹਨ ਬਾਸਰਕੇ, ਡਾ. ਭੁਪਿੰਦਰ ਸਿੰਘ ਫੇਰੂਮਾਨ, ਮਨਮੋਹਨ ਢਿੱਲੋਂ, ਬਲਜਿੰਦਰ ਮਾਂਗਟ, ਡਾ. ਪ੍ਰਭਜੋਤ ਕੌਰ ਸੰਧੂ, ਜਸਵੰਤ ਧਾਪ, ਜਗਤਾਰ ਗਿੱਲ, ਸਤਿੰਦਰ ਸਿੰਘ ਓਠੀ, ਰਾਜ ਖੁਸ਼ਵੰਤ ਸਿੰਘ ਸੰਧੂ ਅਤੇ ਜਸਬੀਰ ਸਿਂਘ ਸੱਗੂ ਆਦਿ ਨੇ ਵੀ ਜਾਰੀ ਪੱਤਰ ਦੀ ਸ਼ਲਾਘਾ ਕੀਤੀ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …