Friday, July 19, 2024

ਮੀਰੀ ਪੀਰੀ ਦਿਵਸ ਮੌਕੇ ਸਿੱਖ ਸ਼ਸਤਰ ਕਲਾ ਗਤਕਾ ਮੁਕਾਬਲਿਆਂ ਦਾ ਆਯੋਜਨ

ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰਧਾਨ ਧਾਮੀ ਨੇ ਸਿੱਖ ਨੌਜੁਆਨੀ ਨੂੰ ਸਿੱਖ ਸ਼ਸਤਰ ਵਿਦਿਆ ਨਾਲ ਜੁੜਨ ਲਈ ਕਿਹਾ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਸਤਰ ਵਿਦਿਆ ਗਤਕਾ ਨੂੰ ਪ੍ਰਫੁੱਲਿਤ ਕਰਨ ਦੀ ਅਰਦਾਸ ਉਪਰੰਤ ਰਸਮੀਂ ਸ਼ੁਰੂਆਤ ਕੀਤੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਦੇ ਬਾਹਰ ਬਣੇ ਪਲਾਜ਼ਾ ਵਿਖੇ ਵੱਖ-ਵੱਖ ਗਤਕਾ ਅਖਾੜਿਆਂ ਦੀਆਂ ਟੀਮਾਂ ਨੇ ਗੱਤਕੇ ਦੇ ਜ਼ੌਹਰ ਦਿਖਾਏ।
                   ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਥੇ ਸਾਨੂੰ ਗੁਰਬਾਣੀ, ਸਿਮਰਨ ਰਾਹੀਂ ਰੂਹਾਨੀਅਤ ਤੌਰ ’ਤੇ ਬਲਵਾਨ ਹੋਣ ਲਈ ਪ੍ਰੇਰਿਆ, ਉਥੇ ਹੀ ਸਰੀਰਕ ਤੇ ਰਾਜਸੀ ਤੌਰ ’ਤੇ ਤਗੜੇ ਹੋਣ ਅਤੇ ਸ਼ਸਤਰ ਕਲਾ ਵਿਚ ਨਿਪੁੰਨ ਹੋਣ ਲਈ ਵੀ ਕਿਹਾ।ਉਨ੍ਹਾਂ ਨੌਜੁਆਨ, ਬੱਚੇ ਬੱਚੀਆਂ ਨੂੰ ਸ਼ਸਤਰ ਵਿਦਿਆ ਨਾਲ ਜੁੜਨ ਤੇ ਅਭਿਆਸ ਕਰਨ ਦੀ ਪ੍ਰੇਰਣਾ ਵੀ ਕੀਤੀ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਦੋ ਕਿਰਪਾਨਾਂ ਪਹਿਨ ਕੇ ਸਿੱਖਾਂ ਲਈ ਪਾਤਸ਼ਾਹੀ ਜੀਵਨ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਚੰਗੇ ਘੋੜੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮ ਕੀਤੇ ਅਤੇ ਸ਼ਸਤਰ ਵਿਦਿਆ ਵਿਚ ਨਿਪੁੰਨ ਕੀਤਾ।ਉਨ੍ਹਾਂ ਕਿਹਾ ਕਿ ਸਿੱਖ ਸ਼ਸਤਰ ਕਲਾ ਗਤਕਾ ਆਤਮ ਰੱਖਿਆ ਦੇ ਨਾਲ-ਨਾਲ ਚੜ੍ਹ ਕੇ ਆਏ ਦੁਸ਼ਮਣ ਨਾਲ ਟਾਕਰੇ ਲਈ ਵੀ ਸਹਾਈ ਹੁੰਦਾ ਹੈ। ਉਨ੍ਹਾਂ ਨੌਜੁਆਨੀ ਨੂੰ ਸਿੱਖ ਸ਼ਸਤਰ ਕਲਾ ਗਤਕੇ ਨਾਲ ਜੁੜਨ ਦੀ ਅਪੀਲ ਕੀਤੀ।
                  ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਤਕਾ ਫੈਡਰੇਸ਼ਨਾਂ, ਐਸੋਸ਼ੀਏਸ਼ਨਾਂ ਅਤੇ ਅਖਾੜਿਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਕੀਤੀ।ਗੁਰਚਰਨ ਸਿੰਘ ਨੈਸ਼ਨਲ ਗਤਕਾ ਐਸੋਸ਼ੀਏਸ਼ਨ ਆਫ ਇੰਡੀਆ, ਗੁਰਤੇਜ ਸਿੰਘ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ, ਹਰਚਰਨ ਸਿੰਘ ਭੁੱਲਰ ਤੇ ਬਲਜਿੰਦਰ ਸਿੰਘ ਗਤਕਾ ਫੈਡਰੇਸ਼ਨ ਆਫ ਇੰਡੀਆ, ਰਾਜਿੰਦਰ ਸਿੰਘ ਪੰਜਾਬ ਗਤਕਾ ਐਸੋਸ਼ੀਏਸ਼ਨ, ਰਵਿੰਦਰ ਸਿੰਘ ਗਤਕਾ ਐਸੋਸ਼ੀਏਸ਼ਨ ਆਫ ਜੰਮੂ ਕਸ਼ਮੀਰ, ਗੁਰਚਰਨ ਸਿੰਘ ਪੁਰਾਤਨ ਸਿੱਖ ਸ਼ਾਸਤਰ ਵਿਦਿਆ ਕੈਬਨਿਟ ਦਿੱਲੀ, ਮਨਜੀਤ ਸਿੰਘ ਸਿੱਖ ਸ਼ਸਤਰ ਵਿੱਦਿਆ ਕਾਊਂਸਲ, ਜੋਰਾਵਰ ਸਿੰਘ ਗਤਕਾ ਐਸੋਸ਼ੀਏਸ਼ਨ ਦਿੱਲੀ ਸਮੇਤ ਵੱਖ-ਵੱਖ ਗਤਕਾ ਅਖਾੜਿਆਂ ਦੇ ਨੁਮਾਇੰਦੇ ਸ਼ਾਮਲ ਹੋਏ।
                  ਇਸ ਮੌਕੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂੰ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਤੇਜਿੰਦਰ ਸਿੰਘ ਪੱਡਾ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਇੰਚਾਰਜ਼ ਸ਼ਾਹਬਾਜ਼ ਸਿੰਘ ਆਦਿ ਮੌਜੂਦ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …