29 ਜੁਲਾਈ ਨੂੰ ਹੋਣਗੇ ਜਿਲ੍ਹਾ ਪੱਧਰੀ ਅਰਥੀ ਫੂਕ ਮੁਜਾਹਰੇ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 11 ਜੁਲਾਈ (ਇੰਦਰਜੀਤ ਸਿੰਘ ਕੰਗ) – ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਅਤੇ ਸੰਵਿਧਾਨਿਕ ਮੰਗਾਂ ਦੇ ਨਿਪਟਾਰੇ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਜੱਦੋਜ਼ਹਿਦ ਕਰਦਾ ਆ ਰਿਹਾ ਹੈ, ਲੇਕਿਨ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਬੇਹੱਦ ਪ੍ਰੇਸ਼ਾਨਕੁਨ ਸਾਬਤ ਹੋਈ ਹੈ।ਇਸ ਮੁੱਦੇ ‘ਤੇ ਵਿਚਾਰ ਕਰਨ ਲਈ ਠੀਕ ਇਕ ਮਹੀਨਾ ਪਿਛੋਂ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ 9 ਜੁਲਾਈ ਨੂੰ 11.00 ਵਜੇ ਬਖਸ਼ੀਸ਼ ਸਿੰਘ ਕਨਵੀਨਰ ਦੀ ਪ੍ਰਧਾਨਗੀ ਹੇਠ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਕਨਵੀਨਰ ਅਤੇ ਕੁਆਰਡੀਨੇਟਰ ਕਰਮ ਸਿੰਘ ਧਨੋਆ ਤੋਂ ਇਲਾਵਾ 5 ਕਨਵੀਨਰ ਬਖਸ਼ੀਸ਼ ਸਿੰਘ, ਠਾਕੁਰ ਸਿੰਘ, ਪ੍ਰੇਮ ਸਾਗਰ ਸ਼ਰਮਾ, ਐਨ.ਕੇ.ਕਲਸੀ, ਅਵਨਾਸ਼ ਸ਼ਰਮਾ ਨੇ ਸ਼ਮੂਲੀਅਤ ਕੀਤੀ।
ਕਨਵੀਨਰ ਪ੍ਰੇਮ ਸਾਗਰ ਸਮਰਾਲਾ ਨੇ ਜਾਰੀ ਬਿਆਨ ‘ਚ ਦੱਸਿਆ ਕਿ 9 ਜੂਨ ਨੂੰ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਡੇਢ ਘੰਟੇ ਚੱਲੀ ਮੀਟਿੰਗ ਵਿਚ 2.59 ਦਾ ਗੁਣਾਂਕ ਦੇ ਕੇ 01-01-2016 ਤੋਂ ਪੈਨਸ਼ਨ ਫਿਕਸ ਕਰਕੇ ਬਣਦੇ 30-06-2021 ਤੱਕ ਦੇ ਬਕਾਏ ਦੀ ਅਦਾਇਗੀ ਕਰਨਾ, ਕੇਂਦਰੀ ਸਰਕਾਰ ਦੀਆਂ ਦਰਾਂ ਤੇ 34 ਪ੍ਰਤੀਸ਼ਤ ਮਹਿੰਗਾਈ ਰਾਹਤ ਦੇਣਾ ਅਤੇ ਕੈਸ਼ਲੈਸ ਸਿਸਟਮ ਆਫ਼ ਟਰੀਟਮੈਂਟ ਲਾਗੂ ਕਰਨ ਆਦਿ ਲਈ ਵਿਚਾਰ ਚਰਚਾ ਹੋਈ ਸੀ।ਇਕ ਮਹੀਨੇ ਦੀ ਉਡੀਕ ਕਰਨ ਉਪਰੰਤ ਕਿ ਰਾਹਤ ਸਬੰਧੀ ਕੁੱਝ ਵੀ ਨਾ ਹੋਇਆ ਤਾਂ ਮਜ਼ਬੂਰੀ ਜਥੇਬੰਦੀ ਵਲੋਂ 29 ਜੁਲਾਈ ਨੂੰ ਜ਼ਿਲ੍ਹਾ ਸਦਰ ਮੁਕਾਮਾਂ ‘ਤੇ ਸਰਕਾਰ ਦੀ ਅਰਥੀ ਫੂਕ ਮਜ਼ਾਹਰੇ ਕੀਤੇ ਜਾਣਗੇ, ਪਹਿਲਾਂ ਨੋਟਿਸ ਵੀ ਭੇਜ ਦਿੱਤਾ ਹੈ।
ਦੂਜੇ ਫੈਸਲੇ ਮੁਤਾਬਕ 15 ਜੁਲਾਈ ਨੂੰ ਲੁਧਿਆਣਾ ਪੈਨਸ਼ਨਰਜ਼ ਭਵਨ ਵਿਖੇ ਹੋਣ ਵਾਲੀ ਪੰਜਾਬ, ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਮੀਟਿੰਗ ਵਿੱਚ ਸਾਰੇ ਕਨਵੀਨਰ ਸ਼ਮੂਲੀਅਤ ਕਰਨਗੇ।ਮੀਟਿੰਗ ਨੇ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਨਿਸ਼ਚਿਤ ਸਮੇਂ ‘ਚ ਮੰਗਾਂ ਮੰਨਣ ਦੇ ਹੁਕਮ ਜਾਰੀ ਨਾ ਕੀਤੇ ਤਾਂ ਅਗਸਤ ਦੇ ਦੂਜੇ ਹਫਤੇ ਸੰਗਰੂਰ ਜਾਂ ਮੁਹਾਲੀ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ।ਮੀਟੰਗ ਦੌਰਾਨ ਸਾਰੀ ਕਰਵਾਈ ਕੁਲਵਰਨ ਸਿੰਘ ਹੁਸ਼ਿਆਰਪੁਰ ਨੇ ਨਿਭਾਈ।