ਬਾਗਬਾਨੀ ਵਿਭਾਗ ਨੇ ਕੀਤੀ ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ
ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਮੁਖ ਮੰਤਰੀ ਪੰਜਾਬ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ਼੍ਰੀਮਤੀ ਸ਼ਲਿੰਦਰ ਕੌਰ, ਆਈ.ਐਫ.ਐਸ ਦੀ ਅਗਵਾਈ ਤਹਿਤ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਬਾਗਬਾਨੀ ਵਿਭਾਗ ਵਲੋਂ ਪਹਿਲੇ ਪੜਾਅ ਵਿਚ ਇਕੋ ਦਿਨ ਫਲਦਾਰ ਬੂਟਿਆਂ ਦੀ ਪਲਾਂਟੇਸ਼ਨ ਮੁਹਿੰਮ ਦਾ ਅਗਾਜ਼ ਕੀਤਾ ਗਿਆ।ਬਾਗਬਾਨੀ ਵਿਭਾਗ ਜਿਲ੍ਹਾ ਅੰਮ੍ਰਿਤਸਰ ਦੇ 750 ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਅੱਜ 7500 ਵੱਖ-ਵੱਖ ਕਿਸਮਾਂ ਦੇ ਫਲਦਾਰ ਬੂਟੇ ਲਗਾਏ ਗਏ।
ਜਿਲ੍ਹੇ ਵਿੱਚ ਅੱਜ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ ਮਨਕਵਲ ਸਿੰਘ ਚਾਹਲ ਦੀ ਨਿਗਰਾਨੀ ਹੇਠ ਅਤੇ ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਦੀ ਮੌਜ਼ੂਦਗੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ, ਕਰਮਪੁਰਾ ਰਣਜੀਤ ਐਵੀਨਿਊ ਵਿਚ ਫਲਦਾਰ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਉਪ ਮੰਡਲ ਮੈਜਿਸਟਰੇਟ ਨੇ ਆਪਣੇ ਕਰ-ਕਮਲਾਂ ਨਾਲ ਸਕੂਲ ਵਿਚ 10 ਫਲਦਾਰ ਬੂਟੇ ਲਗਾਏ ਹਰ ਵਿਅਕਤੀ ਨੂੰ ਵਾਤਾਵਰਣ ਸਾਫ-ਸੁਥਰਾ ਅਤੇ ਚੌਗਿਰਦਾ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਫਲਦਾਰ ਬੂਟੇ ਲਗਾਉਣ ਦੀ ਅਪੀਲ ਕੀਤੀ।ਉਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਕਿਹਾ ਕਿ ਉਹ ਹੁਣ ਤੋਂ ਹੀ ਫਲਦਾਰ ਬੂਟੇ ਲਗਾਉਣ ਅਤੇ ਰੋਜ਼ਾਨਾ ਆਪਣੀ ਖੁਰਾਕ ਵਿਚ ਫਲ ਖਾਣ ਦੀ ਆਦਤ ਪਾਉਣ।ਇਸ ਮੁਹਿੰਮ ਤਹਿਤ ਸਾਰੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ 1.25 ਲੱਖ ਫਲਦਾਰ ਬੂਟੇ ਲਗਾਏ ਗਏ ਹਨ।
ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਨੇ “ਫਲ ਖਾਓ ਤੰਦਰੁਸਤ ਰਹੋ“ ਦਾ ਸੁਨੇਹਾ ਦਿੰਦਿਆਂ ਦੱਸਿਆ ਕਿ ਫਲ ਵਿਟਾਮਿਨ, ਖਣਿਜ਼ ਅਤੇ ਰੇਸ਼ੇ ਦੇ ਮੁਖ ਸੋਮੇ ਹੋਣ ਕਰਕੇ ਇਹਨਾਂ ਦੀ ਰੋਜ਼ਾਨਾ ਖੁਰਾਕ ਵਿਚ ਵਰਤੋਂ ਨਾਲ ਮਨੁੱਖੀ ਸਿਹਤ ਵਿਚ ਬਿਮਾਰੀਆਂ ਦੇ ਖਿਲਾਫ ਲੜਣ ਦੀ ਕੁਦਰਤੀ ਤਾਕਤ ਵਿਚ ਵਾਧਾ ਹੰੁਦਾ ਹੈ।
ਇਸ ਮੌਕੇ ਬਾਗਬਾਨੀ ਵਿਭਾਗ ਦੇ ਸਟਾਫ ਤੋਂ ਇਲਾਵਾ ਡੀ.ਈ.ਓ ਰਾਜੇਸ਼ ਸ਼ਰਮਾ ਤੋਂ ਇਲਾਵਾ ਬੀ.ਪੀ.ਈ.ਓ ਸ਼੍ਰੀਮਤੀ ਰਵਿੰਦਰਜੀਤ ਕੌਰ, ਜਿਲ੍ਹਾ ਸਪੈਸ਼ਲ ਐਜੂਕੇਟਰ ਰਾਜੂ ਚੌਧਰੀ, ਰਜਿੰਦਰ ਸਿੰਘ, ਮਨੀਸ਼ ਕੁਮਾਰ ਏ-ਸੀ ਸਮਾਰਟ ਸਕੂਲ ਅਤੇ ਵਿਦਿਆਰਥੀ ਹਾਜ਼ਰ ਸਨ।