ਜਿਲ੍ਹਾ ਪੱਧਰੀ ਆਜ਼ਾਦੀ ਦਿਵਸ ਦੇ ਸਮਾਗਮ ਸਬੰਧੀ ਅਗੇਤੇ ਪ੍ਰਬੰਧ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ
ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰ) – ਜ਼ਿਲ੍ਹਾ ਪੱਧਰ ਦਾ ਆਜ਼ਾਦੀ ਦਿਵਸ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਲਟੀਪਰਪਜ਼ ਖੇਡ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ 15 ਅਗਸਤ 2022 ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਕਰਨ ਸਬੰਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਮੀਟਿੰਗ ਵਿੱਚ ਅਰੁਣ ਸੈਣੀ ਐਸ.ਐਸ.ਪੀ ਪਠਾਨਕੋਟ, ਅੰਕੁਰਜੀਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਮਨੋਜ ਕੁਮਾਰ ਐਸ.ਪੀ ਪਠਾਨਕੋਟ, ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਜਨਰਲ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਰਜਨੀਸ ਕੌਰ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਇਸ ਵਾਰ ਹਰ ਵਾਰ ਦੀ ਤਰ੍ਹਾਂ ਅਜਾਦੀ ਦਿਹਾੜਾ ਮਲਟੀਪਰਪਜ਼ ਖੇਡ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ, ਮੁੱਖ ਮਹਿਮਾਨ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਪੰਜਾਬ ਪੁਲਿਸ, ਆਰਮੀ ਬੈਂਡ, ਐਨ.ਸੀ.ਸੀ ਦੀਆਂ ਟੁਕੜੀ ਤੋਂ ਸਲਾਮੀ ਲੈਣਗੇ।ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ‘ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਮੌਕੇ ਆਜ਼ਾਦੀ ਘੁਲਾਟੀਆਂ, ਵੱਖ-ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ, ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਆਦਿ ਨੂੰ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀਆਂ ਕਮੇਟੀਆਂ ਗਠਿਤ ਕਰਕੇ ਡਿਊਟੀ ਲਗਾ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੀ ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਸਬੰਧੀ ਡਿਊਟੀ ਲਗਾਈ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਆਜ਼ਾਦੀ ਦਿਵਸ ਦੇ ਸਮਾਗਮ ਸਬੰਧੀ ਰਿਹਰਸਲਾਂ 5 ਅਗਸਤ ਨੂੰ ਸੱਭਿਆਚਾਰਕ ਪ੍ਰੋਗਰਾਮ ਦੀ ਚੋਣ ਕੀਤੀ ਜਾਵੇਗੀ ਅਤੇ 8 ਤੇ 10 ਅਗਸਤ 2022 ਨੂੰ ਰਿਹਰਸਲ ਅਤੇ ਫੁਲ ਡਰੈਸ ਰਿਹਰਸਲ 13 ਅਗਸਤ, 2022 ਨੂੰ ਮਲਟੀਪਰਪਸ ਖੇਡ ਸਟੇਡੀਅਮ ਲਮੀਣੀ (ਪਠਾਨਕੋਟ) ਵਿਖੇ ਹੋਵੇਗੀ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਿਹਰਸਲਾਂ ਵਾਲੇ ਦਿਨ ਅਤੇ ਸਮਾਗਮ ਵਾਲੇ ਦਿਨ ਮੈਡੀਕਲ ਟੀਮ ਉਪਲਬੱਧ ਕਰਵਾਉਣ ਨੂੰ ਯਕੀਨੀ ਬਣਾਉਣ।