ਸਮਰਾਲਾ, 19 ਜੁਲਾਈ, (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਪੰਜਾਬੀ ਨਾਵਲਕਾਰੀ ਦੇ ਪਿਤਾਮਾ ਨਾਨਕ ਸਿੰਘ ਦੀ 125ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ।ਲੇਖਕ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਸਮਰਾਲਾ ਨੇ ਆਏ ਸਾਹਿਤਕਾਰ ਦੋਸਤਾਂ ਨੂੰ ‘ਜੀ ਆਇਆ’ ਆਖਦਿਆਂ ਪੰਜਾਬੀਆਂ ਦੀ ਇੱਕ ਪੂਰੀ ਪੀੜ੍ਹੀ ਨੂੰ ਸਾਹਿਤਕ ਜਾਗ ਲਾਉਣ ਵਾਲੇ ਮਹਾਨ ਨਾਵਲਕਾਰ ਨਾਨਕ ਸਿੰਘ ਦੀ ਮੁੱਢਲੀ ਜਾਣ-ਪਛਾਣ ਕਰਵਾਉਂਦਿਆਂ ਪ੍ਰੀਤ ਨਗਰ ਦੇ ਰੋਲ ਦਾ ਵੀ ਉਭਰਵਾਂ ਜ਼ਿਕਰ ਕੀਤਾ।
ਪ੍ਰਿੰ: (ਡਾ.) ਪਰਮਿੰਦਰ ਸਿੰਘ ਬੈਨੀਪਾਲ ਵਲੋਂ ਨਾਨਕ ਸਿੰਘ ਦੇ ਜੀਵਨ ਅਤੇ ਸਮੁੱਚੀਆਂ ਰਚਨਾਵਾਂ ਬਾਰੇ ਵਿਸਥਾਰਤ ਪੇਪਰ ਪੜ੍ਹਿਆ ਗਿਆ।ਡਾ. ਸਾਹਿਬ ਨੇ ਸਤਿਕਾਰਤ ਨਾਵਲਕਾਰ ਦੇ ਜੀਵਨ ਪ੍ਰਸੰਗਾਂ ਦੇ ਜ਼ਿਕਰ ਦੇ ਨਾਲ ਨਾਲ, ਉਹਨਾਂ ਦੇ ਮੁਕੰਮਲ ਰਚਨਾ ਸੰਸਾਰ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਸਮਰੱਥ ਢੰਗ ਨਾਲ ਪੇਸ਼ ਕੀਤਾ।ਇਸ ‘ਤੇ ਸਾਹਿਤਕਾਰ ਹਰਨਾਮ ਸਿੰਘ ਡੱਲਾ ਤੇ ਇਕਬਾਲ ਸਿੰਘ ਸੈਣੀ ਹੁਰਾਂ ਨੇ ਭਾਵਪੂਰਤ ਚਰਚਾ ਕਰਕੇ ਬਾਤ ਅੱਗੇ ਤੋਰੀ। ਸਾਹਿਤਕ ਰਚਨਾਵਾਂ ਦੇ ਦੌਰ ਵਿੱਚ ਆਪਣੀ ਗ਼ਜ਼ਲ ‘‘ਰਾਹਾਂ ਦੇ ਪੱਥਰ ਵੀ ਚੁਗਣੇ ਹੁੰਦੇ ਕੋਈ ਆਸਾਨ ਨਹੀਂ…’’ ਰਾਹੀਂ ਆਗਾਜ਼ ਕੀਤਾ।ਕਵੀ ਅਵਤਾਰ ਸਿੰਘ ਉਟਾਲਾਂ ਦੀ ਪਰਿਚਿਤ ਵਿਧੀ ਵਿਅੰਗ ਵਿੱਚ ਲਿਖੀ ਸਭਿਆਚਾਰ ਦੇ ਵੱਖ-ਵੱਖ ਪੱਖਾਂ ਨੂੰ ਪਰੋਂਦੀ ਕਵਿਤਾ ‘‘ਜਾਗੋ’’ ਨੂੰ ਵੀ ਕਾਫ਼ੀ ਸਲਾਹਿਆ ਗਿਆ।ਇਸ ਉਪਰੰਤ ਕਰਮਜੀਤ ਬਾਸੀ ਨੇ ਆਪਣੀ ਰਚਨਾ ‘‘ਕਵਿਤਾ ਲਿਖਣ ਗਾਉਣ, ਸਮਝਾਉਣ ਤੋਂ ਡਰਦਾ ਕਿਉਂ ਐਂ? ਬੜ੍ਹਕ ਮਾਰ ਕੇ ਫਿਰ ਅੰਦਰੇ ਵੀ ਕੁੰਡੀ ਲਾ ਕੇ ਦੜ੍ਹਦਾ ਕਿਉਂ ਐਂ?’’ ਪੜ੍ਹੀ।ਕਰਮਜੀਤ ਬਾਸੀ ਦੀ ਕਵਿਤਾ ‘‘ਦੇ ਸੁਨੇਹੇ ਤੇ ਅਦਾਇਗੀ’’ ਨੂੰ ਭਰਪੂਰ ਹੁੰਗਾਰਾ ਮਿਲਿਆ।
ਮਹਿਮਾਨ ਸਾਹਿਤਕਾਰ ਇਕਬਾਲ ਸਿੰਘ ਸੈਣੀ ਹੁਰਾਂ ਡਾ. ਅੰਬੇਦਕਰ ਜੀ ਨੂੰ ਸਮਰਪਿਤ ਆਪਣੀ ਕਵਿਤਾ ਪੇਸ਼ ਕੀਤੀ।ਬਲਵੰਤ ਮਾਂਗਟ ਨੇ ‘‘ਕਿਉਂ ਜ਼ਹਿਰੀ ਹੋ ਗਏ ਗੀਤ?’’ ਰਾਹੀਂ ਸੱਭਿਆਚਾਰਕ ਪ੍ਰਦੂਸ਼ਣ ’ਤੇ ਚਿੰਤਾ ਜ਼ਾਹਰ ਕੀਤੀ। ਇਸ ਗੀਤ ’ਤੇ ਭਰਪੂਰ ਚਰਚਾ ਹੋਈ।ਪ੍ਰਸਿੱਧ ਸਾਹਿਤਕ ਗੀਤਕਾਰ ਹਰਬੰਸ ਮਾਲਵਾ ਨੇ ਆਪਣਾ ਨਵਾਂ ਗੀਤ ‘ਸ਼ਬਦ ਹਮੇਸ਼ਾ ਰਹਿਣ ਜਾਗਦੇ, ਸ਼ਬਦ ਕਦੇ ਨਾ ਸੁੱਤੇ’ ਰਾਹੀਂ ਆਪਣੀ ਕਾਵਿਕ ਸਮਰੱਥਾ ਦਾ ਲੋਹਾ ਮੰਨਵਾਇਆ।ਕਵੀ ਆਜ਼ਾਦ ਵਿਸਮਾਦ ਦੀ ਭਾਵਪੂਰਤ ਕਾਵਿਕ ਰਚਨਾ ਦੀ ਪੇਸ਼ਕਾਰੀ ਦੇ ਉਪਰੰਤ ਮੰਚ ਦੇ ਪ੍ਰਧਾਨ ਤਰਲੋਚਨ ਸਿੰਘ ਦੀ ਗ਼ਜ਼ਲ ‘ਜ਼ਿਹਨ ’ਤੇ ਐਨਾ ਤਣਾਓ, ਇਹ ਦਬਾਓ ਲੈ ਬਹੇਗਾ’ ਪੇਸ਼ ਕੀਤੀ।ਜਿਸ ’ਤੇ ਭਰਪੂਰ ਚਰਚਾ ਹੋਈ।
ਅੰਤ ਵਿੱਚ ਮਹਿਮਾਨ ਸਾਹਿਤਕਾਰ ਇਕਬਾਲ ਸਿੰਘ ਸੈਣੀ ਹੁਰਾਂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਦੁੱਖਾਂ ਭਰੀ ਕਿਤਾਬ’ ਬਾਰੇ ਡਾ. ਬੈਨੀਪਾਲ ਨੇ ਜਾਣਕਾਰੀ ਸਾਂਝੀ ਕੀਤੀ ਤੇ ਹਾਜ਼ਰ ਸਾਹਿਤਕਾਰਾਂ ਨੇ ਇਹ ਕਾਵਿ ਪੁਸਤਕ ਲੋਕ ਅਰਪਣ ਕੀਤੀ।ਲਖਵੀਰ ਸਿੰਘ ਬਲਾਲਾ, ਡਾ. ਹਰਜਿੰਦਰਪਾਲ ਸਿੰਘ, ਲੇਖਕ ਮੰਚ ਦੇ ਸਕੱਤਰ ਸੁਰਜੀਤ ਸਿੰਘ ਵਿਸ਼ਾਦ, ਅਰਸ਼ਦੀਪ ਸਿੰਘ ਨੇ ਵੀ ਵਿਚਾਰ ਚਰਚਾ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …