Saturday, April 20, 2024

ਸ਼੍ਰੋਮਣੀ ਕਮੇਟੀ ਖਿਲਾਫ ਵਿਵਾਦਿਤ ਬਿਆਨ ਦੀ ਮੁਆਫ਼ੀ ਮੰਗਣ ਆਰ.ਪੀ ਸਿੰਘ- ਐਡਵੋਕੇਟ ਧਾਮੀ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵਿਵਾਦਿਤ ਟਿੱਪਣੀ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਧਰਮ ਪਰਿਵਰਤਨ ਦੇ ਮਾਮਲੇ ਵਿਚ ਆਰ.ਪੀ ਸਿੰਘ ਸੱਚਮੁੱਚ ਹੀ ਸਜ਼ੀਦਾ ਹਨ, ਤਾਂ ਉਹ ਸ਼੍ਰੋਮਣੀ ਕਮੇਟੀ ਦੇ ਭਾਰਤ ਸਰਕਾਰ ਪਾਸ ਪਏ ਕੇਸ ’ਤੇ ਪਹਿਲ ਦੇ ਅਧਾਰ ’ਤੇ ਕਾਰਵਾਈ ਕਰਵਾਉਣ।ਉਨ੍ਹਾਂ ਕਿਹਾ ਕਿ ਧਰਮ ਪਰਵਰਤਨ ਦੇ ਮੁੱਦੇ ’ਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ’ਤੇ ਸਵਾਲ ਖੜ੍ਹੇ ਕਰਨੇ ਕੋਈ ਆਮ ਪ੍ਰਤੀਕਰਮ ਨਾ ਹੋ ਕੇ ਪ੍ਰਾਪੇਗੰਡਾ ਤਹਿਤ ਇਕ ਸੋਚੀ ਸਮਝੀ ਸਾਜ਼ਿਸ਼ ਦੀ ਕੜੀ ਹੈ।ਐਡਵੋਕੇਟ ਧਾਮੀ ਨੇ ਆਖਿਆ ਕਿ ਬਿਨਾ ਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਕਾਰਜ਼ ਨਿਰੰਤਰ ਜਾਰੀ ਹਨ, ਪ੍ਰੰਤੂ ਆਰ.ਪੀ ਸਿੰਘ ਵਰਗੇ ਕੁੱਝ ਲੋਕ ਸਿੱਖ ਕੌਮ ਦੀ ਵਕਾਰੀ ਸੰਸਥਾ ਨੂੰ ਢਾਹ ਲਗਾਉਣ ਦੇ ਯਤਨ ਵਿੱਚ ਹਨ।ਉਹ ਧਰਮ ਪਰਵਰਤਨ ਦੇ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਸਵਾਲ ਖੜ੍ਹੇ ਕਰਨਾ ਨਿੰਦਣਯੋਗ ਹੈ, ਜਿਸ ਦੀ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਸੰਵਿਧਾਨਕ ਸੰਸਥਾ ਹੈ, ਜੋ ਬੀਤੇ 100 ਸਾਲ ਤੋਂ ਲਗਾਤਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਗੁਰਦੁਆਰਾ ਪ੍ਰਬੰਧਾਂ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਸ਼੍ਰੋਮਣੀ ਕਮੇਟੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ।
                    ਉਨ੍ਹਾਂ ਕਿਹਾ ਕਿ ਭਾਜਪਾ ਦੇ ਬੁਲਾਰੇ ਆਰ.ਪੀ ਸਿੰਘ ਵੱਲੋਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਾਕ ਵਜੋਂ ਲੈ ਕੇ ਇਸ ਦਾ ਨਾਂ ਵਿਗਾੜਨ ਦੀ ਗੱਲ ਕਰਨੀ ਉਸ ਦੀ ਗੈਰ-ਜਿੰਮੇਵਾਰਾਨਾ ਹਰਕਤ ਹੈ, ਜਿਸ ਨੇ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।
                    ਉਨ੍ਹਾਂ ਕਿਹਾ ਕਿ ਜਿਸ ਧਰਮ ਪਰਿਵਰਤਨ ਦੇ ਮਾਮਲੇ ’ਤੇ ਆਰ.ਪੀ ਸਿੰਘ ਗੱਲ ਕਰ ਰਹੇ ਹਨ, ਉਹ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸੰਜ਼ੀਦਗੀ ਨਾਲ ਲਿਆ ਜਾ ਰਿਹਾ ਹੈ।ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਦੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਲਿਖਤੀ ਤੌਰ ’ਤੇ ਭੇਜਿਆ ਜਾ ਚੁੱਕਾ ਹੈ, ਜਿਸ ਆਧਾਰ ’ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੇ ਇਸਾਈ ਧਰਮ ਦੇ ਪ੍ਰਤੀਨਿਧਾਂ ਨਾਲ ਲੰਘੀ 16 ਜੂਨ ਨੂੰ ਬੈਠਕ ਵੀ ਕੀਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਆਰ.ਪੀ ਸਿੰਘ ਧਰਮ ਪਰਿਵਰਤਨ ਦੇ ਮਾਮਲੇ ਵਿੱਚ ਵਾਕਿਆ ਹੀ ਸੰਜ਼ੀਦਾ ਹਨ ਤਾਂ ਉਹ ਆਪਣੀ ਪਾਰਟੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਤੇ ਕਾਰਵਾਈ ਕਰਨ ਲਈ ਕਹਿਣ।ਪਰੰਤੂ ਜੇਕਰ ਉਸ ਦਾ ਬਿਆਨ ਕੇਵਲ ਸੁਰਖੀਆਂ ਬਟੋਰਨ ਅਤੇ ਮੁੱਦੇ ਨੂੰ ਸੁਰਖ ਕਰਨ ਲਈ ਹੈ, ਤਾਂ ਇਹ ਬੇਹੱਦ ਮੰਦਭਾਗਾ ਹੈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …