ਸਕੂਲ ਦੀਆਂ 3 ਵਿਦਿਆਰਥਣਾਂ ਨੇ ਹਾਸਲ ਕੀਤਾ ‘ਮਾਣ ਧੀਆਂ ’ਤੇ’ ਐਵਾਰਡ – ਪ੍ਰਿੰ: ਨਿਰਮਲਜੀਤ ਕੌਰ
ਅੰਮ੍ਰਿਤਸਰ, 5 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਵਿਖੇ ਵਿਦਿਆਰਥੀਆਂ ਅੰਦਰ ਲੁਕੀ ਪ੍ਰਤਿਭਾ ਨਿਖਾਰਣ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਬੋਝ ਤੋਂ ਰਾਹਤ ਦੇਣ ਦੇ ਉਦੇਸ਼ ਲਈ 10 ਰੋਜ਼ਾ ਸਮਰ ਕੈਂਪ ਲਗਾਇਆ ਗਿਆ।ਇਸ ਕੈਂਪ ’ਚ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਧਿਆਨ ’ਚ ਰੱਖਦਿਆਂ ਕੈਂਪ ਨੈੰ 3 ਭਾਗਾਂ (ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ) ਵਰਗ ’ਚ ਵੰਡਿਆ ਗਿਆ।
ਇਸ ਦੌਰਾਨ ਡਾਂਸ, ਗੀਤ -ਸੰਗੀਤ, ਡਾਰਾਮੈਟਿਕਸ, ਕਵਿਤਾ ਲੇਖਣ, ਬੇਸਿਕ ਟਰਿੱਕਸ ਆਫ਼ ਮੈਥਸ-ਸਾਇੰਸ, ਕੁਕਿੰਗ, ਸਪੋਕਨ ਇੰਗਲਿਸ਼, ਯੋਗਾ, ਦਸਤਾਰ ਸਜਾਉਣ ਆਦਿ ਲਗਪਗ ਅਠਾਰਾਂ ਕਿਰਿਆਵਾਂ ਨੂੰ ਸ਼ਾਮਿਲ ਕੀਤਾ ਗਿਆ।ਪ੍ਰਿੰ: ਨਿਰਮਲਜੀਤ ਕੌਰ ਨੇ ਵੱਖ-ਵੱਖ ਕਿਰਿਆਵਾਂ ’ਚ ਆਪ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕੀਤੀ।
ਤਾਰਕਿਕ ਬੁੱਧੀ ਦੇ ਵਿਕਾਸ ਲਈ ਸੰਗੀਤਕ ਕਿਰਿਆਵਾਂ ਮਨਦੀਪ ਕੌਰ ਦੁਆਰਾ ਕਰਵਾਈਆਂ ਗਈਆਂ।ਨਾਟ- ਕਲਾ ਨਾਲ ਜੋੜਨ ਲਈ ਮਨਦੀਪ ਕੌਰ ਗੋਰਾਇਆ, ਰਵਨੀਤ ਕੌਰ ਦੁਆਰਾ ਵਿਦਿਆਰਥੀਆਂ ਨੂੰ ਨਾਟ ਕਲਾ ਦੀਆਂ ਵੱਖ-ਵੱਖ ਜੁਗਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਟਕ ਖਿਡਾਇਆ ਗਿਆ।ਜਦ ਕਿ ਰਾਜਬੀਰ ਕੌਰ ਗਰੇਵਾਲ ਅਤੇ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਡਾਂਸ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ’ਚ ਛੁਪੀ ਕਲਾ ਨੂੰ ਪਛਾਣਿਆ।10 ਰੋਜ਼ਾ ਚੱਲੇ ਇਸ ਪ੍ਰੋਗਰਾਮ ’ਚ ਕਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਵੇਸਟ ਮਟੀਰੀਅਲ ਤੋਂ ਨਵੀਆਂ ਚੀਜ਼ਾਂ ਬਣਾਉਣ ਦੀਆਂ ਜੁਗਤਾਂ ਬਾਰੇ ਜਾਣਕਾਰੀ ਦਿੱਤੀ।ਮੋਨਿਕਾ ਸ਼ਰਮਾ, ਮੈਡਮ ਤਨਵੀਰ ਕੌਰ ਨੇ ਵਿਦਿਆਰਥੀਆਂ ਨੂੰ ਪੌਸ਼ਟਿਕ ਪਕਵਾਨ ਬਣਾਉਣ ਦੇ ਹੁਨਰ ਸਿਖਾਏ।
ਪ੍ਰੋਗਰਾਮ ਮੌਕੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ’ਚ ਪ੍ਰਪੱਕ ਬਣਾਉਣ ਹਿੱਤ ਹਰਵਿੰਦਰ ਕੌਰ, ਨਿੰਨ੍ਹੀ ਨਾਗਪਾਲ, ਸੁਲੇਖਾ ਵਰਮਾ ਦੁਆਰਾ ਸਪੋਕਨ ਇੰਗਲਿਸ਼ ਦੀਆਂ ਕਲਾਸਾਂ ਲਗਾਈਆਂ ਗਈਆਂ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਬੈਡਮਿੰਟਨ, ਕ੍ਰਿਕਟ, ਬਾਸਕਟਬਾਲ, ਵਾਲੀਬਾਲ ਆਦਿ ਖੇਡਾਂ ਸਰੀਰਿਕ ਸਿੱਖਿਆ ਅਧਿਆਪਕ ਗੁਰਦੇਵ ਸਿੰਘ ਅਤੇ ਅਰੁਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਖਿਡਾਈਆਂ ਗਈਆਂ। ਗਣਿਤਕ ਬੁੱਧੀ ਦੇ ਵਿਕਾਸ ਨੂੰ ਸਨਮੁੱਖ ਰੱਖਦਿਆਂ ਭਾਰਤੀ ਭਾਟੀਆ, ਕੰਵਲਜੀਤ ਕੌਰ, ਮਨਦੀਪ ਕੌਰ, ਸ਼ਿਵਾਨੀ ਮਹਾਜਨ ਦੁਆਰਾ ਬੇਸਿਕ ਟਰਿਕਸ ਆਫ਼ ਮੈਥਸ ਅਤੇ ਸਾਇੰਸ ਨਾਲ ਸਬੰਧਿਤ ਕਿਰਿਆਵਾਂ ਕਰਵਾਈਆਂ ਗਈਆਂ।ਕੈਂਪ ਤੋਂ ਬਾਅਦ ਵੱਖ-ਵੱਖ ਕਿਰਿਆਵਾਂ ਆਧਾਰਿਤ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ।
ਪ੍ਰਿੰ: ਨਿਰਮਲਜੀਤ ਕੌਰ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਹਟਾਉਣ ਅਤੇ ਉਨ੍ਹਾਂ ਦੇ ਸਰੀਰਕ, ਬੌਧਿਕ, ਮਾਨਸਿਕ ਵਿਕਾਸ ਨੂੰ ਉੱਚਾ ਚੁੱਕਣਾ ਹੈ।ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਅਸਰਦਾਰ ਬਣਾਉਣ ਲਈ ਸਮਰ ਕੈਂਪ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ।ਅਜਿਹੇ ਕੈਂਪ ਵਿਦਿਆਰਥੀਆਂ ਦੇ ਕਿੱਤੇ ਤੇ ਕੋਰਸ ਪ੍ਰਤੀ ਦਿਲਚਸਪੀ ਨੂੰ ਪਰਖਣ ਲਈ ਸਹਾਈ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸਮਾਜ ਭਲਾਈ ਸੁਸਾਇਟੀ ਅੰਮਿ੍ਰਤਸਰ ਵਲੋਂ ਭਰੂਣ ਹੱਤਿਆ ਖ਼ਿਲਾਫ਼ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ‘ਮਾਣ ਧੀਆਂ ’ਤੇ’ ਐਵਾਰਡ ਸਮਾਰੋਹ ਮੌਕੇ ਵਿਸ਼ੇਸ਼ ਮਹਿਮਾਨ ਐਸ.ਡੀ.ਐਮ ਰਾਜੇਸ਼ ਸ਼ਰਮਾ ਵਲੋਂ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਪ੍ਰਧਾਨ) ਦੀ ਮੌਜ਼ੂਦਗੀ ‘ਚ ਸਕੂਲ ਦੀ 9ਵੀਂ ਕਲਾਸ ਦੀਆਂ 3 ਹੋਣਹਾਰ ਵਿਦਿਆਰਥਣਾਂ ਮਹਿਕ, ਤਨਿਸ਼ਾ ਅਤੇ ਅਰਪਨਦੀਪ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ।