ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਜ਼ਲ੍ਹਿਆਵਾਲਾ ਬਾਗ ਦਾ ਕੀਤਾ ਦੌਰਾ
ਅੰਮ੍ਰਿਤਸਰ, 5 ਅਗਸਤ (ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੂੰ ਅਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਉਣ ਦੇ ਮਕਸਦ ਤਹਿਤ ਪ੍ਰਿੰਸੀਪਲ ਨਾਨਕ ਸਿੰਘ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ’ਤੇ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਬਾਰੇ ਗਿਆਨ ਸਾਂਝਾ ਕਰਨ ਲਈ ਜਲ੍ਹਿਆਂਵਾਲਾ ਬਾਗ ਦਾ ਦੌਰਾ ਕਰਵਾਇਆ ਗਿਆ।
ਨਾਨਕ ਸਿੰਘ ਨੇ ਕਿਹਾ ਕਿ ਕਾਲਜ ਪ੍ਰੋ: ਰਾਧਿਕਾ, ਪ੍ਰੋ: ਪ੍ਰਮੋਦਮਾ, ਪ੍ਰੋ:ਸਾਰਿਕਾ ਅਤੇ ਪ੍ਰੋ: ਨਵਨੀਤ ਦੀ ਅਗਵਾਈ ਵਾਲੀ ਟੀਮ ਨੇ ਵਿਦਿਆਰਥਣਾਂ ਨੂੰ ਜ਼ਲ੍ਹਿਆਵਾਲਾ ਬਾਗ ਦੇ ਨਾਲ ਸਬੰਧਿਤ ਸਾਕੇ ਅਤੇ ਦੇਸ਼ ਕੌਮ ਦੀ ਸ਼ਹਾਦਤ ਦਾ ਜਾਮ ਪੀਣ ਵਾਲੇ ਅਜ਼ਾਦੀ ਘੁਲਾਟੀਆਂ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਵਿਰਾਸਤ, ਪਿਛੋਕੜ ਅਤੇ ਉਥੇ ਦੇ ਇਤਿਹਾਸ ਬਾਰੇ ਵੀ ਪੂਰਨ ਤੌਰ ’ਤੇ ਜਾਣਕਾਰ ਹੋਣਾ ਚਾਹੀਦਾ ਹੈ ਤਾਂ ਜੋ ਸਾਡਾ ਇਤਿਹਾਸ ਜਿਉਂਦਾ ਰਹਿ ਸਕੇ।
ਪ੍ਰਿੰਸੀਪਲ ਨਾਨਕ ਸਿੰਘ ਨੇ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਕਾਲਜ ਤਰੱਕੀ ਦੀਆਂ ਰਾਹਾਂ ’ਤੇ ਹੈ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਵਿਦਿਆਰਥਣਾਂ ਨੂੰ ਵਿੱਦਿਅਕ ਤੇ ਹੋਰਨਾਂ ਖੇਤਰਾਂ ’ਚ ਨਿਪੰੁਨ ਹੋਣ ਦੇ ਨਾਲ ਨਾਲ ਸਿੱਖ ਇਤਿਹਾਸ ਅਤੇ ਅਜਾਦੀ ਘੁਲਾਟੀਆਂ ਦੁਆਰਾ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਦਿਸ਼ਾ ਨਿਰਦੇਸ਼ ਦਿੱੱਤੇ ਗਏ ਹਨ ਅਤੇ ਇਸੇ ਤਹਿਤ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਵਿਦਿਆਰਥੀ ਆਪਣੇ ਵਿਰਸੇ ਅਤੇ ਦੇਸ਼, ਕੌਮ ਖਾਤਿਰ ਕੁਰਬਾਨ ਹੋਣ ਵਾਲੇ ਸ਼ਹੀਦਾਂ ਬਾਰੇ ਵੀ ਪ੍ਰਪੱਕ ਹੋ ਸਕਣ।
ਇਸ ਮੌਕੇ ਵਿਦਿਆਰਥਣਾਂ ਨੇ ਮਿਊਜ਼ੀਅਮ ਵੀ ਵੇਖਿਆ ਅਤੇ ਸ਼ਹੀਦਾਂ ਵੱਲੋਂ ਦੇਸ਼ ਲਈ ਦਿੱਤੀ ਗਈ ਕੁਰਬਾਨੀ ਲਈ ਸੀਸ ਵੀ ਝੁਕਾਇਆ।