Friday, October 18, 2024

ਸਿੱਖ ਵਿਦਵਾਨ ਡਾ. ਸਰੂਪ ਸਿੰਘ ਅਲੱਗ ਦੇ ਚਲਾਣੇ ’ਤੇ ਧਾਮੀ ਤੇ ਜਥੇਦਾਰ ਰਘਬੀਰ ਸਿੰਘ ਨੇ ਪ੍ਰਗਟਾਇਆ ਦੁੱਖ

ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਸਿੱਖ ਲੇਖਕ ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਐਡਵੋਕੇਟ ਧਾਮੀ ਨੇ ਸ਼ੋਕ ਸੁਨੇਹੇ ਵਿਚ ਕਿਹਾ ਕਿ ਡਾ. ਸਰੂਪ ਸਿੰਘ ਅਲੱਗ ਸਿੱਖ ਕੌਮ ਲਈ ਨਿਰੰਤਰ ਕਾਰਜਸ਼ੀਲ ਵਿਦਵਾਨ ਲੇਖਕ ਸਨ, ਜਿਨ੍ਹਾਂ ਨੇ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਸਬੰਧੀ 100 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ।ਉਨ੍ਹਾਂ ਕਿਹਾ ਕਿ ਡਾ. ਅਲੱਗ ਦੇ ਚਲਾਣੇ ਨਾਲ ਇਕ ਚੰਗਾ ਸਿੱਖ ਲੇਖਕ ਸਦਾ ਲਈ ਵਿੱਛੜ ਗਿਆ ਹੈ ਅਤੇ ਪੰਥ ਦਾ ਇਹ ਘਾਟਾ ਕਦੇ ਪੂਰਾ ਨਹੀਂ ਹੋਵੇਗਾ।ਉਨ੍ਹਾਂ ਡਾ. ਸਰੂਪ ਸਿੰਘ ਅਲੱਗ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
               ਇਸੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਦੀ ਸੇਵਾਵਾਂ ਨੂੰ ਯਾਦ ਕੀਤਾ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਿੱਖੀ ਦੀ ਚੜ੍ਹਦੀ ਕਲਾ ਅਤੇ ਪ੍ਰਸਾਰ ਪ੍ਰਚਾਰ ਲਈ ਯੋਗਦਾਨ ਪਾਉਣ ਵਾਲੇ ਸਿੱਖ ਵਿਦਵਾਨਾਂ ਵਿੱਚ ਡਾ. ਸਰੂਪ ਸਿੰਘ ਅਲੱਗ ਦਾ ਨਾਂ ਮੋਹਰੀ ਕਤਾਰ ਵਿਚ ਦਰਜ਼ ਸੀ ਅਤੇ ਉਨ੍ਹਾਂ ਦੀਆਂ ਲਿਖਤਾਂ ਤੋਂ ਸਿੱਖ ਸੰਗਤਾਂ ਪ੍ਰੇਰਣਾ ਲੈਂਦੀਆਂ ਰਹਿਣਗੀਆਂ।ਉਨ੍ਹਾਂ ਅਰਦਾਸ ਕੀਤੀ ਕਿ ਕਰਤਾ ਪੁਰਖ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਨਾਲ ਜੋੜਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …